Monday, September 28, 2009

ਗੁਲਾਬ ਤੰਗ ਕਰਦੇ ਨੇ..

ਤੇਰੇ ਘਰ ਤੇ ਗੁਲਾਬ
ਅਕਸਰ ਮੇਰੇ ਗੇਂਦੇ ਦੇ ਫੁੱਲਾਂ ਨੂੰ ਤੰਗ ਕਰਦੇ ਨੇ..
ਜਦ ਵੀ ਇਹ ਭੋਲੂ ਜਿਹੇ ਸਿਰ ਚੁੱਕਦੇ
ਤੇਰੇ ਗੁਲਾਬਾਂ ਦੇ ਕੰਡੇ ਇਨ੍ਹਾਂ ਨੂੰ ਵੱਜਦੇ ਨੇ..

ਮੰਨਿਆ ਤੇਰੇ ਗੁਲਾਬ ਗੁਲਾਬੀ ਨੇ
ਇਹਨਾਂ ਦੇ ਰੰਗ ਫਿੱਟੇ ਨੇ..
ਤੇਰਾ ਕਾਲਾ ਗੁਲਾਬ ਬਹੁਤ ਗੁੰਦਵਾਂ
ਇਹ ਤਾਂ ਬੇਚਾਰੇ ਸਿਰ-ਖਿੰਡੇ ਨੇ..

ਤੇਰੇ ਘਰ ਜੋ ਦੇਸੀ ਚਿੱਟੇ ਗੁਲਾਬ ਦੀ ਕਲੀ
ਮੇਰੇ ਗੇਂਦੇ ਦੀ ਡੋਡੀ ਨੂੰ ਮਖੌਲ ਕਰਦੀ..
ਤੇਰੇ ਘਰ ਜੋ ਨਵੀਂ ਕਲਮ ਜਵਾਨ ਹੋਈ
ਕੱਲ ਮੇਰੇ ਲਾਲ ਗੇਂਦੇ ਦੇ ਸੀਨੇ ਖੁਭ ਗਈ..

ਤਰਸ ਖਾ ਕੁਝ ਇਨ੍ਹਾਂ ਅਨਾਥਾਂ ਤੇ
ਕੋਈ ਮਾਲੀ ਹੁੰਦਾ ਆਪੇ ਬੰਦੋਬਸਤ ਕਰਦਾ..
'ਸ਼ੰਤੋਖਪੁਰੀ' ਮਰ ਜੁ ਗਿਆ ਹੈ
ਜਿਉਂਦਾ ਹੁੰਦਾ ਤਾਂ ਸ਼ਿਕਾਇਤ ਕਿਉਂ ਕਰਦਾ..

Saturday, September 5, 2009

ਦਿਲ ਕਰਦੈ

..ਤਾਂ ਦਿਲ ਕਰਦੈ
ਜਦ ਕੋਈ ਫੋਨ ਕੰਨ ਨੂੰ ਲਾ ਕੇ ਗੱਲਾਂ ਕਰਦਾ ਹੈ
ਤਾਂ ਦਿਲ ਕਰਦੈ..
ਜਦ ਕੋਈ ਯਾਹੂ ਤੇ ਚੈਟਿੰਗ ਕਰਦਾ ਹੈ
ਤਾਂ ਦਿਲ ਕਰਦੈ..

ਸਾਡੇ ਵੀ ਦਿਨ ਹੁੰਦੇ ਸੀ
ਹੁਣ ਬੀਤ ਗਏ..
ਸਾਡੇ ਵੀ ਮੈਸੇਜ ਆਉਂਦੇ ਸੀ
ਕਿਧਰੇ ਹੀ ਉਹ ਗੀਤ ਗਏ..

ਜਦ ਲੋਕੀਂ ਰੁਸਦੇ ਨੇ
ਤਾਂ ਦਿਲ ਕਰਦੈ..
ਜਦ ਉਹ ਮਨਾਉਂਦੇ ਨੇ
ਤਾਂ ਦਿਲ ਕਰਦੈ..

ਅਸੀਂ ਵੀ ਰਾਤਾਂ ਕੱਟੀਆਂ ਨੇ
ਜੋ ਮੁੱਕ ਗਈਆਂ..
ਅਸੀਂ ਵੀ ਬਾਤਾਂ ਪਾਉਂਦੇ ਸੀ
ਜੋ ਨਾ ਸਾਡੇ ਕੋਲੋ ਬੁੱਝ ਹੋਈਆਂ.

ਜਦ ਕੋਈ ਹੱਸਦਾ ਹੁੰਦਾ ਏ
ਤਾਂ ਦਿਲ ਕਰਦੈ..
ਜਦ ਕੋਈ ਉਡੀਕਦਾ ਹੁੰਦਾ ਏ
ਤਾਂ ਦਿਲ ਕਰਦੈ..

ਅਸੀਂ ਵੀ ਰੋਂਦੇ ਹੁੰਦੇ ਸੀ
ਹੁਣ ਅੱਥਰੂ ਸਿਮਟ ਗਏ..
ਅਸੀਂ ਵੀ ਰਜਾਈਆਂ ਵਿੱਚ ਮੂੰਹ ਦਿੱਤੇ ਨੇ
ਕਿ ਸੁਪਨੇ ਟੁੱਟ ਗਏ..

ਜਦ ਕੋਈ ਬੈਠਾ ਬੈਠਾ ਮੁਸਕਾਉਂਦਾ ਏ
ਤਾਂ ਦਿਲ ਕਰਦੈ..
'ਸੰਤੋਖਪੁਰੀ' ਯਾਦਾਂ ਦਾ ਬਦਲ ਵਰਦਾ ਏ
ਤਾਂ ਦਿਲ ਕਰਦੈ..

Thursday, August 13, 2009

ਸੰਵਾਦ

ਸਮਝਣੀ ਥੋੜੀ ਔਖੀ ਹੋ ਸਕਦੀ ਆ ਏਸੇ ਕਰਕੇ ਇੱਕ ਪਾਤਰ(ਕਲੀ) ਦੇ ਬੋਲ ਮੋਟੇ ਅੱਖਰਾਂ ਵਿੱਚ ਦੇ ਰਿਹਾਂ

ਰਾਹ ਵਿੱਚ,
ਇੱਕ ਕਲੀ ਮਿਲੀ।
ਸੀਨਾ
ਮੋਹਬਤ ਨਾਲ ਭਰੀ ਮਿਲੀ

ਜਦ ਤੱਕਿਆ,
ਬਾਹਵਾਂ ਖੋਲ੍ਹ ਮਿਲੀ।
ਹੱਥ ਲਾਇਆ
ਉਹ ਖੁਸ਼ਬੋ ਨਿਰੀ।

ਜਦ ਤੁਰਿਆ,
ਹੰਝੁਆਂ ਦੀ ਝੜੀ ਲਗੀ।
ਮੁੱੜ ਤੱਕਿਆ
ਰਾਂਝਿਆ ਵੇ! ਹੀਰ ਲਗੀ।

ਸੁੰਨ ਮੁੰਨ ਹੋਇਆ
ਲੈ ਚੱਲ ਵੇ ਅਪਣੇ ਘਰੀਂ।
ਮੈਂ ਮੁਰਦਾ
ਮੇਰੇ ਨਾਲ ਜਿਉਣ ਕਰੀਂ।


ਸੜ ਜਾਣ ਦੇ
ਉਮਰ ਅਜੇ ਪਈ ਹੈ ਬੜੀ
ਕੀ ਭਰੋਸਾ
ਬਸ ਹਰ ਦਮ ਪਿਆਰ ਕਰੀਂ

ਤੂ ਝੱਲੀ
ਵੇ ਮੈਂ ਸੱਜਰੀ ਕਲੀ
ਰਵਾ ਨਾ
ਮੇਰੇ ਨਾਲ ਹੱਸ ਲਵੀਂ

ਬਸ ਕਰ
ਬਹਿ ਜਾ ਘੜੀ
ਜਾਣ ਦੇ
ਕਰਦੈਂ ਜਿੱਦ ਬੜੀ

ਫੁੱਲ ਬਣ ਜਾ
ਭੌਰਾ ਤੂੰ ਬਣੀ
ਕਮਲ ਨਾ ਮਾਰ
ਫੇਰ ਰੱਖ ਲਾ ਕਲੀ

ਸਖਤ ਬਣ!
ਪੱਥਰ ਨਹੀਂ
ਦੋਸਤ ਬਣ
ਤੈਨੂੰ ਪਿਆਰ ਨਹੀਂ?

ਸਵਾਲ ਪਉਣੀ ਐਂ..
ਜਵਾਬ ਕਦ ਮਿਲੇ ਨੇ?
ਬਸ ਕਰ
ਝਲੀ ਕਰਿਆ ਤੇਰੇ ਪਿਆਰ ਨੇ

ਐਡਾ ਮੈਂ ਪੱਥਰ ਵੀ ਨਹੀਂ
ਸੀਨੇ ਬਾਝੋਂ ਫੁੱਲ ਹੈਂ ਤੂੰ
ਹੁਣ ਕੀ ਬੋਲਾਂ?
ਬਸ ਅਪਨਾ ਮੇਰੇ ਸੀਨੇ ਨੂੰ

ਚੱਲ ਜਾ ਹੁਣ..
ਕਿਵੇਂ ਤੁਰਾਂ?
ਮੈਂ ਸ਼ਾਇਦ ਨਾ ਹੋਵਾਂ
ਕਦੋਂ ਮੁੜਾਂ?

ਚੱਲ ਗੁਰੂ ਫਤਹਿ
ਸ਼ਾਇਦ ਤੂੰ ਮੈਨੂੰ ਸਮਝ ਸਕੇਂ?
ਬੱਸ ਜਾ ਹੁਣ..
ਫਤਹਿ।

Monday, July 6, 2009

ਬਾਪੂ ਵੀ ਕੀ ਕਾਇਮ ਚੀਜ ਹੈ

ਬਾਪੂ ਵੀ ਕੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਬਾਪੂ ਮੈਨੂੰ ਟੌਫੀ ਲੈ ਦੇ
ਬਾਪੂ ਮੈਨੂੰ ਕੁਲਫੀ ਲੈ ਦੇ
ਠੰਡਾ ਲੈ ਦੇ, ਬਰਫੀ ਲੈ ਦੇ
ਕੱਛਾ ਲੈ ਦੇ, ਝੋਲਾ ਲੈ ਦੇ
ਬੂਟ ਲੈ ਦੇ, ਸੂਟ ਲੇ ਦੇ
ਆਹ ਲੈ ਦੇ, ਔਹ ਲੈ ਦੇ
ਬਾਪੂ ਬਾਪੂ ਕਹਿ ਕੇ ਕਹਿੰਦੇ ਰਹੇ
ਪਤਾ ਨਹੀ ਕੀ ਕੀ ਲੈ ਦੇ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਜਦੋਂ ਪਤਾ ਨਹੀਂ ਸੀ ਹੁੰਦਾ
ਨੌਕਰੀ ਕੀ ਹੈ
ਪੈਸਾ ਕੀ ਹੈ
ਬਸ ਉਦੋਂ ਇਹੀ ਵੇਖਣਾ
ਲੈਣੀ ਕੀ ਚੀਜ਼ ਹੈ
ਬਾਪੂ ਦਾ ਹੱਥ ਜੇਬ 'ਚ ਜਾਂਦਾ
ਪੈਸਾ ਦੁਕਾਨ ਵਾਲੇ ਦੀ ਜੇਬ 'ਚ ਜਾਂਦਾ
ਬੱਚਾ ਖੁਸ਼ ਹੋ ਜਾਂਦਾ
ਘਰ ਨੂੰ ਆਂਦਾ
ਭੰਗੜੇ ਪਾਂਦਾ ਗਾਣੇ ਗਾਂਦਾ
ਕਹਿੰਦਾ ਬਾਪੂ ਮੇਰਾ ਬਹੁਤ ਚੰਗੀ ਚੀਜ ਹੈ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਸਕੂਲ ਗਏ ਤਾਂ ਕਾਪੀ ਪਾੜੋ
ਕਿਤਾਬਾਂ ਦੀਆਂ ਜਿਲਦਾਂ ਪਾੜੋ
ਨਵਾਂ ਬੈਗ ਮੰਗਾਓ
ਪੈਨਸਿਲ ਤੇ ਪੈਨਸਿਲ-ਤਰਾਸ਼ ਗਵਾਓ
ਕਦੇ ਚਾਰਟ ਕਦੇ ਰੰਗ ਮੰਗਾਓ
ਫੀਸ ਭਰਾਓ
ਜੋ ਵੀ ਚਾਹੀਦਾ
ਬਾਪੂ ਜੀ ਕੋਲੋਂ ਪਾਓ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਵੱਡੇ ਹੋ ਗਏ
ਡਿੱਗਰੀਆਂ ਕਰ ਗਏ
ਨੌਕਰੀ ਲੱਗ ਗਏ
ਕਮਾਈਆ ਕਰ ਗਏ
ਪਰ ਜਦ ਜੀ ਕੀਤਾ
ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਵਿਆਹੁ ਹੋਆ ਮੇਰੇ ਬਾਬੁਲਾ
ਆਨੰਦ ਪੜੇ ਗਏ
ਪਰ ਸਾਰੇ ਖਰਚੇ
ਸਾਡੇ ਬਾਪੂ ਜੀ ਵਲੋਂ ਕਰੇ ਗਏ
ਬਾਪੂ ਜੀ ਨੇ ਕਾਰ ਕਰਵਾਤੀ
ਸਾਰੇ ਘਰ ਦੀ ਸਜਾਵਟ ਕਰਵਾਤੀ
ਬੂਟ ਸੂਟ ਸਭ ਕੁਝ ਮਿਲਿਆ
ਸਾਰਾ ਕਾਜ ਵਾਹਵਾ ਸੋਹਣਾ ਕਰਿਆ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਸਮਾਂ ਬੀਤਿਆ
ਕਾਕਾ ਬਾਪੂ ਬਣਿਆ
ਬਾਪੂ ਬਣਿਆ
ਕਾਕੇ ਦੇ ਘਰ ਰੱਬ
ਕਾਕੀ-ਕਾਕੇ ਨੂੰ ਜਣਿਆ
ਹੁਣ ਲਗਿਆ ਪਤਾ
ਜਦ ਬਾਪੂ ਬਣਿਆ
ਕਿ
ਬਾਪੂ ਵੀ ਕਿਆ ਚੀਜ ਹੈ
ਕਿਥੋਂ ਆਉਂਦੀ ਸੀ ਜੋ ਬਚਪਣ ਵਿੱਚ
ਬਾਪੂ ਨੇ ਲੈ ਕੇ ਦਿੱਤੀ ਚੀਜ ਹੈ

ਸੰਤੋਖਪੁਰੀ ਓਏ ਸੱਚਮੁੱਚ
ਸਾਡਾ ਬਾਪੂ ਵੀ ਕਿਆ ਕਾਇਮ ਚੀਜ ਹੈ
ਰੱਬ ਦੀ ਇਹ ਬਖਸੀਸ ਹੈ
ਸਾਰੇ ਰੋਗਾਂ ਦਾ ਉਹ ਵੈਦ ਹੈ
ਬਾਪੂ ਸਾਡਾ ਕਇਮ ਚੀਜ ਹੈ

Friday, June 12, 2009

ਇੰਤਜ਼ਾਰ

ਮੇਰੀ ਜੀਵਨ ਸਾਥਣ ਦੇ ਨਾਮ ਜੀਹਨੇ ਸਮੁੰਦਰੋਂ ਪਾਰ ਬੈਠ ਲੰਮਾ ਸਮਾਂ ਮੇਰਾ ਇੰਤਜ਼ਾਰ ਕੀਤਾ।
ਮਿਤੀ:4/17/08

ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ,
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ..
ਹਰ ਰੋਜ ਸਵੇਰੇ ਅੱਖਾ ਖੋਹਲਣ ਤੋਂ ਪਹਿਲਾਂ ਮੈਨੂੰ ਲਭਦੀ ਐ
ਦਰਦ ਵਿਛੋੜੇ ਦਾ ਹਾਲ ਮੇਰੀ ਰੂਹ ਪਈ ਦਸਦੀ ਐ..

ਉਹ ਸਮੁੰਦਰੋਂ ਪਾਰ....

ਵੈਬਕੈਮ ਤੇ ਤੱਕ ਕੇ ਮੈਨੂੰ ਅੱਖਾ ਵਿੱਚ ਹੰਝੂ ਰੋਕ ਲਵੇ,
ਝੁਠਾ ਜਿਹਾ ਹੱਸ ਕੇ ਫਿਰ ਦਰਦਾਂ ਨੂੰ ਸੋਕ ਲਵੇ..
ਕਿਤੇ ਮੇਰੀ ਨਾ ਭੁੱਬ ਨਿਕਲ ਜਾਏ
ਏਸੇ ਗੱਲੋਂ ਡਰਦੀ ਐ..

ਉਹ ਸਮੁੰਦਰੋਂ ਪਾਰ....

ਰੋਟੀ ਵੇਲਾ ਹੋਵੇ ਮੇਰਾ ਖੋਹ ਉਹਦੇ ਢਿੱਡ ਨੂੰ ਪੈਣ ਲੱਗੇ
ਰੱਜ ਕੇ ਰੋਟੀ ਖਾ ਲੈਣਾ ਫਿਰ ਪਿਆਰ ਨਾਲ ਕਹਿਣ ਲੱਗੇ..
ਕਿੰਨਾ ਖਾਧਾ ਕੀ-ਕੀ ਖਾਧਾ?
ਪੁੱਛ ਤਸੱਲੀ ਕਰਦੀ ਐ..

ਉਹ ਸਮੁੰਦਰੋਂ ਪਾਰ..

ਜਦ ਕੰਮ ਤੋਂ ਥੱਕ ਕੇ ਆਵੇ ਥਕਾਨ ਮੇਰੀ ਦਾ ਅਹਿਸਾਸ ਕਰੇ
ਵਸਦੀ ਉਹ ਤਾਂ ਬਹੁਤ ਦੂਰ ਹੈ ਰੂਹ ਉਡਾਰੀ ਫੇਰ ਭਰੇ
ਆ ਕੇ ਮੈਨੂੰ ਨੂੰ ਚਿੰਬੜ ਜਾਂਦੀ
ਤੇ ਆਖਰ ਰੋ ਹੀ ਪੈਦੀ ਐ...

ਉਹ ਸਮੁੰਦਰੋਂ ਪਾਰ....

ਰੱਬ ਕਰਕੇ ਛੇਤੀ ਹੋਵਣ ਮੇਲੇ
ਪੱਤਝੜ ਵਿੱਚ ਕੌਣ ਪੀਂਘਾਂ ਤੇ ਖੇਲੇ..
ਆਏ ਬਹਾਰ ਜਾਂ ਸਾਵਣ ਵਰ ਜਾਏ
ਖੁਸ਼ੀਆ ਦਾ ਸਾਡੇ ਤੇ ਬੱਦਲ ਵਰ ਜਾਏ..
ਇਸੇ ਅਰਦਾਸ ਨਾਲ 'ਦੁੱਲਟਾ' ਹੁਣ ਤਾਂ ਜ਼ਿੰਦਗੀ ਕਟਦੀ ਐ...
ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ

Sunday, June 7, 2009

ਮੇਰਾ ਨਾਂ

ਨਾ ਫੁੱਲ ਬਨਣਾ ਸੌਖਾ ਹੈ
ਤੇ ਨਾ ਇੰਦਰ ਬਨਣ ਵਿੱਚ ਵਡਿਆਈ ਹੈ

ਸੌਖਾ ਹੈ ਖਿੜ ਕੇ ਖੁਸਬੋ ਵੰਡਣਾ
ਮੁਰਝਾ ਕੇ ਗੁਲਕੰਦ ਬਨਣਾ ਸੌਖਾ ਨਹੀਂ
ਅਤਰ-ਫਲੇਲ ਇੰਦਰ ਨੇ ਬੜੇ ਵਰਤੇ ਹੋਣੇ ਨੇ
ਆਪਾ ਪਿਸਾ ਕੇ ਖੁਸ਼ਬੋ ਦੇਣਾ ਸੌਖਾ ਨਹੀਂ

ਪੁਸ਼ਪ ਲਿਖਿਆ ਮੇਰੇ ਨਾਮ ਅੰਦਰ
ਫਿਰ ਵੀ ਕੋਈ ਫੁੱਲ ਵਾਲਾ ਭਾਵ ਤੇ ਪੈਦਾ ਕਰਦਾ ਹੈ
ਪਰ ਇੰਦਰ ਬਣੇ ਦਾ ਕੀ ਫਾਇਦਾ
ਸਦਾ ਗੱਦੀ ਬਚਾਉਣ ਲਈ ਜੋ ਭੱਜਿਆ ਭੱਜਿਆ ਫਿਰਦਾ ਹੈ

ਜ਼ਿੰਦਗੀ ਤਾਂ ਆਖਦੇ ਨੇ
ਸੁਪਨੇ, ਹਕੀਕਤ ਅਤੇ ਸੰਘਰਸ਼ ਦੇ ਸੁਮੇਲ ਨੂੰ
ਪਰ ਇੱਥੇ ਤਾਂ ਨਾਮ ਮੇਰਾ ਖਿੰਡਿਆ ਖਿੰਡਿਆ ਫਿਰਦਾ ਹੈ

ਪਰ ਸ਼ਬਦ ਵੀ ਤਾਂ ਕੁਦਰਤ ਦੇ ਬਖਸ਼ੇ ਨੇ
ਇਨ੍ਹਾਂ ਦਾ ਕੀ ਕਸੂਰ
ਅਰਥ ਤਾਂ ਹਮੇਸ਼ਾ ਮਨੁੱਖ ਹੀ ਲਿਖਦਾ ਹੈ

ਪਹਿਲੀ ਵਾਰ ਜਦ ਨਾਮ ਪਿੱਛੇ ਕੀਤਾ ਸੀ ਗਿਲਾ ਮੈਂ
ਗੁਰੂ ਘਰ ਦੇ ਗ੍ਰੰਥੀ ਨਾਲ
ਉਸ ਨੇ ਕਿਹਾ ਫੁੱਲਾਂ ਦਿਆ ਰਾਜਿਆ
ਫੁੱਲਾਂ ਵਾਂਗ ਰਹਿ

ਪੁਸ਼ਪਿੰਦਰ ਸਿੰਘਾ
ਸਿੰਘ ਵਾਲਾ ਰੂਪ ਰੱਖ
ਆਪਾ ਵਾਰ
ਖੁਸ਼ਬੋਆਂ ਵੰਡਦਾ ਰਹਿ...

ਮੌਤ ਕਦੋਂ ਕਿੱਦਾਂ ਆਂਦੀ ਏ?

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਤੇਰੇ ਹਾਸਿਆਂ ਨੇ ਜਿਸ ਦਿਨ ਫੁੱਲ ਸੀ ਖਿੜਾਏ
ਉਹ ਦਿਨ ਯਾਦ ਕਰ ਅੱਜ ਮਹਿਕ ਜਾਏ
ਉਦੋਂ ਮਹਿਕ ਸੀ ਮਹਿਕਾਉਂਦੀ
ਪਰ ਅੱਜ ਤੜਫਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਉਹ ਬੋਲ ਵੀ ਨੇ ਯਾਦ
ਜਦ ਕੀਤੇ ਕੌਲ ਤੇ ਕਰਾਰ
ਉਠੇ ਬੈਠੇ ਤੁਰੇ ਫਿਰੇ ਕੱਠੇ ਪਰ ਅੱਜ ਤੇਰੇ ਹੱਥਾਂ ਦੀ
ਨਿੱਘ ਸਾੜ ਜਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਪਏ ਸੀ ਵਿਚੋੜੇ ਤੇ ਨਦੀਓਂ ਨੀਰ ਵਿੱਛੜੇ
ਤੁਰੀ ਤੇਰੀ ਡੋਲੀ ਅਸੀਂ ਤੱਕਦੇ ਰਹੇ ਦੂਰ ਖੜੇ
ਮਰ ਜਾਣ ਦਾ ਖਿਆਲ ਆਇਆ
ਮਾੜੀ ਕਿਸਮਤ 'ਸੰਤੋਖਪੁਰੀ' ਜ਼ਹਿਰਾਂ ਤੋਂ ਵੀ ਬਚਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ