Monday, September 28, 2009

ਗੁਲਾਬ ਤੰਗ ਕਰਦੇ ਨੇ..

ਤੇਰੇ ਘਰ ਤੇ ਗੁਲਾਬ
ਅਕਸਰ ਮੇਰੇ ਗੇਂਦੇ ਦੇ ਫੁੱਲਾਂ ਨੂੰ ਤੰਗ ਕਰਦੇ ਨੇ..
ਜਦ ਵੀ ਇਹ ਭੋਲੂ ਜਿਹੇ ਸਿਰ ਚੁੱਕਦੇ
ਤੇਰੇ ਗੁਲਾਬਾਂ ਦੇ ਕੰਡੇ ਇਨ੍ਹਾਂ ਨੂੰ ਵੱਜਦੇ ਨੇ..

ਮੰਨਿਆ ਤੇਰੇ ਗੁਲਾਬ ਗੁਲਾਬੀ ਨੇ
ਇਹਨਾਂ ਦੇ ਰੰਗ ਫਿੱਟੇ ਨੇ..
ਤੇਰਾ ਕਾਲਾ ਗੁਲਾਬ ਬਹੁਤ ਗੁੰਦਵਾਂ
ਇਹ ਤਾਂ ਬੇਚਾਰੇ ਸਿਰ-ਖਿੰਡੇ ਨੇ..

ਤੇਰੇ ਘਰ ਜੋ ਦੇਸੀ ਚਿੱਟੇ ਗੁਲਾਬ ਦੀ ਕਲੀ
ਮੇਰੇ ਗੇਂਦੇ ਦੀ ਡੋਡੀ ਨੂੰ ਮਖੌਲ ਕਰਦੀ..
ਤੇਰੇ ਘਰ ਜੋ ਨਵੀਂ ਕਲਮ ਜਵਾਨ ਹੋਈ
ਕੱਲ ਮੇਰੇ ਲਾਲ ਗੇਂਦੇ ਦੇ ਸੀਨੇ ਖੁਭ ਗਈ..

ਤਰਸ ਖਾ ਕੁਝ ਇਨ੍ਹਾਂ ਅਨਾਥਾਂ ਤੇ
ਕੋਈ ਮਾਲੀ ਹੁੰਦਾ ਆਪੇ ਬੰਦੋਬਸਤ ਕਰਦਾ..
'ਸ਼ੰਤੋਖਪੁਰੀ' ਮਰ ਜੁ ਗਿਆ ਹੈ
ਜਿਉਂਦਾ ਹੁੰਦਾ ਤਾਂ ਸ਼ਿਕਾਇਤ ਕਿਉਂ ਕਰਦਾ..

Saturday, September 5, 2009

ਦਿਲ ਕਰਦੈ

..ਤਾਂ ਦਿਲ ਕਰਦੈ
ਜਦ ਕੋਈ ਫੋਨ ਕੰਨ ਨੂੰ ਲਾ ਕੇ ਗੱਲਾਂ ਕਰਦਾ ਹੈ
ਤਾਂ ਦਿਲ ਕਰਦੈ..
ਜਦ ਕੋਈ ਯਾਹੂ ਤੇ ਚੈਟਿੰਗ ਕਰਦਾ ਹੈ
ਤਾਂ ਦਿਲ ਕਰਦੈ..

ਸਾਡੇ ਵੀ ਦਿਨ ਹੁੰਦੇ ਸੀ
ਹੁਣ ਬੀਤ ਗਏ..
ਸਾਡੇ ਵੀ ਮੈਸੇਜ ਆਉਂਦੇ ਸੀ
ਕਿਧਰੇ ਹੀ ਉਹ ਗੀਤ ਗਏ..

ਜਦ ਲੋਕੀਂ ਰੁਸਦੇ ਨੇ
ਤਾਂ ਦਿਲ ਕਰਦੈ..
ਜਦ ਉਹ ਮਨਾਉਂਦੇ ਨੇ
ਤਾਂ ਦਿਲ ਕਰਦੈ..

ਅਸੀਂ ਵੀ ਰਾਤਾਂ ਕੱਟੀਆਂ ਨੇ
ਜੋ ਮੁੱਕ ਗਈਆਂ..
ਅਸੀਂ ਵੀ ਬਾਤਾਂ ਪਾਉਂਦੇ ਸੀ
ਜੋ ਨਾ ਸਾਡੇ ਕੋਲੋ ਬੁੱਝ ਹੋਈਆਂ.

ਜਦ ਕੋਈ ਹੱਸਦਾ ਹੁੰਦਾ ਏ
ਤਾਂ ਦਿਲ ਕਰਦੈ..
ਜਦ ਕੋਈ ਉਡੀਕਦਾ ਹੁੰਦਾ ਏ
ਤਾਂ ਦਿਲ ਕਰਦੈ..

ਅਸੀਂ ਵੀ ਰੋਂਦੇ ਹੁੰਦੇ ਸੀ
ਹੁਣ ਅੱਥਰੂ ਸਿਮਟ ਗਏ..
ਅਸੀਂ ਵੀ ਰਜਾਈਆਂ ਵਿੱਚ ਮੂੰਹ ਦਿੱਤੇ ਨੇ
ਕਿ ਸੁਪਨੇ ਟੁੱਟ ਗਏ..

ਜਦ ਕੋਈ ਬੈਠਾ ਬੈਠਾ ਮੁਸਕਾਉਂਦਾ ਏ
ਤਾਂ ਦਿਲ ਕਰਦੈ..
'ਸੰਤੋਖਪੁਰੀ' ਯਾਦਾਂ ਦਾ ਬਦਲ ਵਰਦਾ ਏ
ਤਾਂ ਦਿਲ ਕਰਦੈ..