Saturday, February 26, 2011

ਜਿੱਤ

ਇਹ ਸਮਝਦੇ ਨੇ ਅਸੀਂ ਹਾਰ ਗਏ
ਉਹ ਸਮਝਦੇ ਨੇ ਅਸੀਂ ਮਾਰ ਲਏ
ਪਰ ੮੪ ਪਿੱਛੋਂ ਜੋ ਗਰਜੇ ਸੀ
ਇਹ ਜਿੱਤ ਹੈ।

ਇਹ ਸਮਝਦੇ ਨੇ ਢਹਿ ਗਿਆ
ਉਹ ਸਮਝਦੇ ਨੇ ਢਾਹ ਲਿਆ
ਪਰ ੮੪ ਵਿੱਚ ਜੋ ਅੜ ਕੇ ਖੜ ਗਏ ਸੀ
ਇਹ ਜਿੱਤ ਹੈ

ਇਹ ਸਮਝਦੇ ਨੇ ਬੰਦੂਕ ਸੁੱਟ ਦਿੱਤੀ
ਉਹ ਸਮਝਦੇ ਨੇ ਬੰਦੂਕ ਸੁਟਵਾ ਲਈ
ਪਰ ਘੁਰਨਿਆਂ 'ਚ ਡਰਦੇ ਲੁਕ ਕੇ ਜੋ ਬੈਠੇ ਨੇ
ਇਹ ਜਿੱਤ ਹੈ

ਇਹ ਸਮਝਦੇ ਨੇ ਗਲ ਮੁੱਕ ਰਹੀ ਐ
ਉਹ ਸਮਝਦੇ ਨੇ ਗਲ ਮੁਕਾਈ ਪਈ ਐ
ਪਰ ਅਖਬਾਰਾਂ 'ਚ ਝੂਠੇ-ਸੱਚੇ ਗ੍ਰਿਫਤਾਰ ਜੋ ਛਪਦੇ ਨੇ
ਇਹ ਜਿੱਤ ਹੈ

Wednesday, February 9, 2011

ਸੱਚ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਹ ਅੱਗਾਂ ਦੇ ਲਾਂਭੂ ਦਿੱਖਦੇ ਤਾਂ ਨਹੀਂ
ਪਰ ਅੱਜ ਵੀ ਬਲਦੇ ਨੇ
ਉਹਨਾਂ ਬਾਪੂ ਜਿਨ੍ਹਾਂ ਦੇ ਮਾਰੇ ਸੀ
ਉਹ ਬਾਲ ਬਾਪੂ ਬਣਕੇ ਅੱਜ ਵੀ ਉਵੇਂ ਹੀ ਰੁਲਦੇ ਨੇ

ਉਹਨਾਂ ਦੇ ਸੀਨੇ ਵਿੱਚ ਅੱਜ ਵੀ ਲਾਂਬੂ ਉਹੀ
ਐਵੇਂ ਨਹੀਂ ਅੱਧੀ ਰਾਤ ਉਹ ਅੱਭੜਵਾਹੇ ਉੱਠ ਪਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਹ ਤਾਰੀਖ ਇਹੋ ਜਿਹੀ ਸੀ
ਜਦ ਸਰਕਾਰਾਂ ਸੌ ਗਈਆਂ
ਹੈਵਾਨ ਜਾਗ ਗਏ ਸੀ
ਤੇ ਪਿੱਠ ਤੇ ਤਾਕਤਾਂ ਖੜੋ ਗਈਆਂ

ਉਹ ਕੋਹ ਕੋਹ ਕੇ ਮਾਰੇ ਸੀ ਜੋ ਜਿਉਂਦੇ ਸਾੜੇ ਸੀ
ਯਾਦਾਂ ਨੇ ਦਸਤਕ ਦਿੱਤੀ ਤੇ ਦੇਖੋ ਨਾਸੂਰਾਂ 'ਚੋਂ ਲਹੂ ਫੁੱਟ ਪਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਹਨਾਂ ਹੱਥਿਆਰ ਨਹੀਂ ਚੁੱਕਿਆ
ਉਹਨਾਂ ਨੇ ਫਰਿਆਦ ਹੀ ਕੀਤੀ
ਉਹ ਮੰਨਦੇ ਰਹੇ ਕਾਨੂੰਨ ਦੇਸ਼ ਦਾ
ਪਰ ਕਾਨੂੰਨ ਦੀ ਸੀ ਹੋਰ ਨੀਤੀ

ਕਮੀਸ਼ਨਾਂ ਅੱਗੇ ਭੁੱਗਤਦੇ ਰਹੇ ਉਹ ਪੇਸ਼ੀ
ਹਰ ਦਿਨ ਗਵਾਹੀ ਉਹ ਜ਼ਲੀਲ ਹੁੰਦੇ ਆ ਗਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਨ੍ਹਾਂ ਦਾ ਨਾ ਸੀ ਕਸੂਰ ਕੋਈ
ਬਸ ਇਕ ਕੇਸ ਹੀ ਸਨ ਦਸਤਾਰ ਵਿੱਚ ਸੰਭਾਂਲੇ
ਪੰਜਾਬੀ ਸੀ ਉਨ੍ਹਾਂ ਦੇ ਬੋਲਾਂ ਵਿੱਚ
ਤਾਂਹੀ ਮਾਰੇ ਗਏ ਵਿੱਚ ਕਾਨਪੁਰ, ਬੋਕਾਰੋ, ਰਾਂਚੀ, ਗਵਾਲੀਅਰ ਦੇ

ਯਾਦ ਕਰ ਗੁਰਧਾਮਾਂ ਦੀ ਬੇਅਦਬੀ ਲਓ ਇਨਸਾਫ ਦਿੱਲੀ ਤੋਂ
ਦੱਸੋ ਸਿੰਘ ਸੁੱਤੇ ਨਹੀਂ ਅੱਜੇ, ਨਾਲ ਕਹੋ ਅਸੀਂ ਲਾਰਿਆ ਤੋਂ ਅੱਕ ਗਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

Monday, January 17, 2011

ਆਸ

ਉਹ ਰਾਹ ਹੀ ਵੱਖਰੇ ਹਨ
ਜਿਨ੍ਹਾਂ ਤੇ ਤੁਰਨ ਨੂੰ ਦਿਲ ਕਰਦਾ ਰਿਹਾ ਹੈ
ਉਹ ਯਾਰ ਹੀ ਵੱਖਰੇ ਹਨ
ਜਿਨਾਂ ਨਾਲ ਕਦਮ ਮਿਲਾਉਣ ਨੂੰ ਦਿਲ ਕਰਦਾ ਰਿਹਾ ਹੈ
ਜਿੰਦਗੀ ਦੀ ਤੋਰ ਕੋਈ ਹੋਰ ਤੋਰ ਤੁਰਦੀ
ਤੇ ਸੁਪਨਿਆ ਵਿਚ ਵੱਖਰਾ ਸਫਰ ਰਿਹਾ ਹੈ
ਲੋਕਾਂ ਵਿੱਚ ਗੱਲ ਕੁਝ ਹੋਰ ਤੁਰੀ
ਪਰ ਅੰਦਰੋਂ ਰੂਹ ਦਾ ਲਲਕਾਰਾ ਹੋਰ ਰਿਹਾ ਹੈ

ਦਿਲ ਤੇ ਸੀ ਸਦਾ ਪਤੰਗੇ ਦੇ ਇਸ਼ਕ ਦਾ ਕਾਇਲ
ਪਰ ਸਰੀਰ ਅੱਗ ਤੋਂ ਭਜਦਾ ਰਿਹਾ ਹੈ
ਕਦਮ ਤਾਂ ਬਹੁਤ ਲੰਮੀ ਪੁਲਾਂਘ ਪੁੱਟਣ ਦੇ ਰਹੇ ਆਦੀ ਸਦਾ
ਪਰ ਲੱਤਾਂ ਦੀਆਂ ਨਸਾਂ 'ਚ ਸਫਰ ਦੇਖ ਖੂਨ ਜੰਮਦਾ ਰਿਹਾ ਹੈ
ਸੁਪਨੇ 'ਚ ਤਾਂ ਮੈਂ ਬਹੁਤ ਬਣਿਆ ਹਾਂ ਬਾਦਸ਼ਾਹ
ਪਰ ਹਕੀਕਤ ਦਾ ਆਮ ਆਦਮੀ ਹਾਰਦਾ ਰਿਹਾ ਹੈ
ਬੋਲ ਜੰਮਦੇ ਨੇ ਹਿੱਕ 'ਚੋਂ ਨਿਆਰਾ ਰਾਗ ਅਲਾਪਦੇ
ਪਰ ਬੁਲਾਂ ਦੇ ਬੋਲਾਂ ਨੂੰ ਸਦਾ ਭੈ ਰਿਹਾ ਹੈ

ਉਹ ਰਾਹ ਹੀ ਵੱਖਰੇ ਹਨ
ਜਿਨ੍ਹਾਂ ਤੇ ਤੁਰਨ ਨੂੰ ਦਿਲ ਕਰਦਾ ਰਿਹਾ ਹੈ
ਉਹ ਯਾਰ ਹੀ ਵੱਖਰੇ ਹਨ
ਜਿਨਾਂ ਨਾਲ ਕਦਮ ਮਿਲਾਉਣ ਨੂੰ ਦਿਲ ਕਰਦਾ ਰਿਹਾ ਹੈ
ਜਿੰਦਗੀ ਦੀ ਤੋਰ ਕੋਈ ਹੋਰ ਤੋਰ ਤੁਰਦੀ
ਤੇ ਸੁਪਨਿਆ ਵਿਚ ਵੱਖਰਾ ਸਫਰ ਰਿਹਾ ਹੈ
ਲੋਕਾਂ ਵਿੱਚ ਗੱਲ ਕੁਝ ਹੋਰ ਤੁਰੀ
ਪਰ ਅੰਦਰੋਂ ਰੂਹ ਦਾ ਲਲਕਾਰਾ ਹੋਰ ਰਿਹਾ ਹੈ

ਕੋਈ ਨਾ ਸਰਦਾਰਾ ਰੱਖ ਹੌਸਲਾ ਦਿਲਾਂ ਦੇ ਵਿੱਚ
ਵਕਤ ਦਾ ਗੇੜ ਸਭ ਨੂੰ ਬੁਝਾਰਤ ਪਾਉਂਦਾ ਰਿਹਾ ਹੈ
ਡਰਿਆ ਤੇ ਕਦੇ ਬੰਦਾ ਬਹਾਦਰ ਵੀ ਹੋਵੇਗਾ
ਪਰ ਦਸਮੇਸ਼ ਆਪ ਆ ਕੇ ਥਾਪੜਾ ਦਿੰਦਾ ਰਿਹਾ ਹੈ
ਕਦੀ ਤੇ ਸਰਾਭੇ ਸਰਦਾਰ ਦੇ ਵੀ ਪੈਰ ਮੁੜਣਾ ਚਾਹੇ ਹੋਣਗੇ ਪਿਛਾਂਹ ਨੂੰ
ਬਖਸ਼ਿਸ਼ ਨਾਲ ਹਰ ਕੋਈ ਵਧਦਾ ਅਗਾਂਹ ਰਿਹਾ ਹੈ
ਬੇਕਸੂਰੇ ਵੀ ਸੱਜਣਾ ਬਹੁਤ ਡਾਹਢਿਆ ਦੇ ਹੱਥੋਂ ਜੱਗ ਵਿੱਚ ਮਰੇ
ਕਸੂਰ ਕਰਕੇ ਮਰਨ ਦਾ ਤਾਜ ਸਦਾ ਸ਼ੇਰਾਂ ਸਿਰ ਰਿਹਾ ਹੈ

ਕੋਈ ਦਿਨ ਆਵੇਗਾ
ਉਨ੍ਹਾਂ ਰਾਹਵਾਂ ਤੇ ਵੀ ਤੁਰਾਂਗੇ
ਕਿਸੇ ਦਿਨ ਗਲਵੱਕੜੀ
ਉਨ੍ਹਾਂ ਯਾਰਾਂ ਨਾਲ ਪਏਗੀ
ਸੁਪਨਿਆਂ ਦੀ ਜ਼ਿੰਦਗੀ
ਇੱਕ ਦਿਨ ਹਕੀਕਤ 'ਚ ਆਏਗੀ
ਇੱਕ ਸਵੇਰ ਵੱਜੇਗਾ ਲਲਕਾਰਾ ਰਣਜੀਤ ਨਗਾਰੇ ਚੋਟ ਤੇ
ਜੀਹਦੇ ਲਈ ਦਸਮੇਸ਼ ਕੇਸਗੜ ਤੋਂ ਵੰਗਾਰਦਾ ਹੈ।