Tuesday, December 22, 2009

ਯਾਦ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਤੜਕੇ ਉੱਠ ਕੇ ਉਹ ਨਿੰਮ ਤੇ ਕਿੱਕਰ ਦੀਆਂ ਦਾਤਨਾਂ
ਮਿਲਦਾ ਨਈਂ ਏਥੇ ਧੂਣੀਆਂ ਦਾ ਸੇਕਣਾ
ਚਾਹ ਲੱਸੀ ਪੀਣੀ ਜੋ ਬਹਿ ਕੇ ਧੁੱਪੇ
ਉਹ ਯਾਦ ਮਾਰਦੀ..

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਧੁੱਪ ਸੇਕਣੇ ਦਾ ਯਾਰੋ ਸੀ ਸਵਾਦ ਵੱਖਰਾ
ਨਿੱਘ ਜੋ ਦੇਵੇ ਉਹ ਸੂਰਜ ਦਾ ਰੂਪ ਵੱਖਰਾ
ਏਥੇ ਤਾਂ ਯਾਰੋ ਬਰਫ ਠਾਰਦੀ
ਸੂਰਜ ਨਿਕਲੇ ਤੋਂ ਵੀ ਠੰਡ ਮਾਰਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਉਹ ਗੰਨੇ ਚੂਪਣੇ ਪੰਜਾਬ ਰਹਿ ਗਏ
ਸਾਗ ਦੇ ਸਵਾਦ ਚੁੱਲੇ ਉੱਤੇ ਰਹਿ ਗਏ
ਰੋਟੀ ਤਾਂ ਇਥੇ ਮਿਲ ਜਾਏ ਮੱਕੀ ਬਾਜਰੇ ਦੀ
ਪਰ ਯਾਦ ਮਾਂ ਦੀ ਪਰਦੇਸੀਆ ਨੂੰ ਨਿੱਤ ਮਾਰਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਮੇਰੇ ਘਰ ਵਿੱਚ ਰਹਿ ਗਿਆ ਰਜਾਈ ਵਾਲਾ ਨਿੱਘ
ਉਹ ਕਪਾਹ ਦੀ ਖੁਸ਼ਬੋ ਤੇ ਪਿਆਰ ਵਾਲਾ ਨਿੱਘ
ਵਾਹ ਨਜ਼ਾਰਾ ਉਹ ਸੂਰਜ ਨਿਕਲੇ ਤ੍ਰੇਲ ਉੱਡਦੀ
ਸੈਰ ਸਵੇਰੇ ਉੱਠ ਕੇ ਜੋ ਹੋਇ ਖੇਤ ਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਮਿੱਟੀ ਵਿੱਚ ਜਿੱਥੇ ਹੈ ਖੁਸ਼ਬੋ ਵਸਦੀ
ਮੱਝਾਂ ਗਾਵਾਂ ਨਾਲ ਜਿੱਥੇ ਸਾਂਝ ਨਿੱਤ ਦੀ
ਦੁੱਧ ਤੇ ਜਿਥੇ ਮਿਲਾਈ ਬਹੁਤ ਆਵੇ
'ਦੁਲੱਟ' ਨੂੰ ਯਾਦ ਸਤਾਵੇ ਓਸ ਪੰਜਾਬ ਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

Tuesday, October 20, 2009

ਇਸ਼ਕ-ਖੁਮਾਰੀਆਂ

ਸਿਰ ਵੱਢੇ ਜਾਣ, ਬੰਦ ਕੱਟੇ ਜਾਣ,
ਚੱਲ ਜਾਣ ਸਿਰਾਂ ਉੱਤੇ ਆਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਗੁਰੁ ਅਰਜਨ ਤੱਤੀ ਤਵੀ ਉੱਤੇ ਬੈਠੇ,
ਰੇਤਾ ਸੀਸ ਪਾਇਆ, ਦੇਗ ਚ ਉਬਾਲੇ ਗਏ।
ਭਾਣਾ ਮਿੱਠਾ ਕਰਕੇ ਰਹੇ ਉਹ ਮੰਨਦੇ,
ਰਾਵੀ ਦੇ ਠੰਢੇ ਪਾਣੀ ਵਿੱਚ ਠਾਰੇ ਗਏ।

ਸ਼ਹੀਦਾਂ ਦੇ ਕਹਾਉਂਦੇ ਸਿਰਤਾਜ ਸਤਿਗੁਰੂ,
ਸ਼ਹੀਦੀਆਂ ਨੇ ਬਖਸ਼ੀਆਂ ਸਿੰਘਾਂ ਨੂੰ ਸਰਦਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ,
ਜੰਗ-ਜੁੱਧ ਲੜੇ ਜਿੱਤੇ ਬਾਈ।
ਗੁਰੂ ਤੇਗ ਬਹਾਦਰ ਤੇਗਾਂ ਮਾਰੀਆਂ,
ਮੀਰੀ-ਪੀਰੀ ਦੋਵਾਂ ਹੀ ਮੈਦਾਨਾਂ ਵਿੱਚ ਫਤਹਿ ਭਾਈ।

ਜਦੋਂ ਸਵਾ ਮਣ ਜਨੇਊ ਨਿੱਤ ਲਹਿੰਦੇ,
ਤਕਦੀਰਾਂ ਧਰਮ ਦੀਆਂ ਸਤਿਗੁਰੂ ਸੀਸ ਦੇਕੇ ਸਵਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਵਿਸਾਖੀ ਵਾਲੇ ਦਿਨ ਗੁਰੂ ਸੀਸ ਮੰਗਿਆ,
ਤੇਗ ਭੇਟ ਹੋ ਬਣ ਗਏ ਪੰਜ-ਪਿਆਰੇ ਜੀ।
ਅੰਮ੍ਰਿਤ ਗੁਰਾਂ ਨੇ ਛਕਾਇਆ-ਛਕਿਆ,
ਵਾਹੋ! ਵਾਹੋ! ਆਪੇ ਗੁਰੂ ਚੇਲਾ ਜੀ।

ਖਾਲਸੇ ਨੇ ਜਦੋਂ ਤੇਗਾਂ ਮਾਰੀਆਂ
ਭੱਜ ਗਈਆਂ ਫੌਜਾਂ ਦਿੱਲੀ ਤੇ ਪਹਾੜਾ ਵਾਲੀਆਂ
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਪੰਜ ਸੀਸ ਲਏ ਤੇ ਸਰਵੰਸ ਵਾਰਿਆ,
ਸਤਿਗੁਰੂ ਵਚਨ ਨਿਭਾਅ ਗਏ।
ਬਸ ਫੇਰ ਤੇ ਪੰਥ ਕਿਆਰੀ ਵਿਚ ਸਿੰਘ ਜੀ,
ਸ਼ਹੀਦਿਆਂ ਦੇ ਫੁੱਲ ਖਿੜ ਗਏ।

ਵਜੀਰ ਖਾਨ ਤੇ ਮਲੇਰਕੋਟੀਏ ਲੜ ਹਾਰੇ,
ਤੇਗਾਂ ਜਦ ਸ਼ਹੀਦ ਬਾਬਾ ਬੰਦਾ ਸਿੰਘ ਮਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

੩੦੦ ਸਾਲ ਫਿਰ ਖਾਲਸਾ
ਜੁਝਦਿਆਂ ਖੂਬ ਬੀਤ ਗਏ
ਰਾਜ ਖਾਲਸਾ ਹੋਇਆ ਵਿੱਚ ਰਿਆਸਤਾਂ
ਅਕਾਲੀ ਫੂਲਾ ਸਿੰਘ, ਨਲੂਆ, ਅਟਾਰੀ ਸਿੰਘ ਜੂਝ ਗਏ

'ਸੰਤੋਖਪੁਰੀ' ਗੋਰੇ ਭਜਾਏ, ਦੇਸ਼ ਹੀਣ ਹੋਏ, ਪਰ ਫੇਰ ਵੀ
ਜੰਗਾਂ ਵਿੱਚ ਸਿੰਘਾਂ ਦੀਆ ਸਰਦਾਰੀਆਂ
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਖਾਲਸੇ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਨਾਮ-ਖੁਮਾਰੀਆਂ।

Monday, September 28, 2009

ਗੁਲਾਬ ਤੰਗ ਕਰਦੇ ਨੇ..

ਤੇਰੇ ਘਰ ਤੇ ਗੁਲਾਬ
ਅਕਸਰ ਮੇਰੇ ਗੇਂਦੇ ਦੇ ਫੁੱਲਾਂ ਨੂੰ ਤੰਗ ਕਰਦੇ ਨੇ..
ਜਦ ਵੀ ਇਹ ਭੋਲੂ ਜਿਹੇ ਸਿਰ ਚੁੱਕਦੇ
ਤੇਰੇ ਗੁਲਾਬਾਂ ਦੇ ਕੰਡੇ ਇਨ੍ਹਾਂ ਨੂੰ ਵੱਜਦੇ ਨੇ..

ਮੰਨਿਆ ਤੇਰੇ ਗੁਲਾਬ ਗੁਲਾਬੀ ਨੇ
ਇਹਨਾਂ ਦੇ ਰੰਗ ਫਿੱਟੇ ਨੇ..
ਤੇਰਾ ਕਾਲਾ ਗੁਲਾਬ ਬਹੁਤ ਗੁੰਦਵਾਂ
ਇਹ ਤਾਂ ਬੇਚਾਰੇ ਸਿਰ-ਖਿੰਡੇ ਨੇ..

ਤੇਰੇ ਘਰ ਜੋ ਦੇਸੀ ਚਿੱਟੇ ਗੁਲਾਬ ਦੀ ਕਲੀ
ਮੇਰੇ ਗੇਂਦੇ ਦੀ ਡੋਡੀ ਨੂੰ ਮਖੌਲ ਕਰਦੀ..
ਤੇਰੇ ਘਰ ਜੋ ਨਵੀਂ ਕਲਮ ਜਵਾਨ ਹੋਈ
ਕੱਲ ਮੇਰੇ ਲਾਲ ਗੇਂਦੇ ਦੇ ਸੀਨੇ ਖੁਭ ਗਈ..

ਤਰਸ ਖਾ ਕੁਝ ਇਨ੍ਹਾਂ ਅਨਾਥਾਂ ਤੇ
ਕੋਈ ਮਾਲੀ ਹੁੰਦਾ ਆਪੇ ਬੰਦੋਬਸਤ ਕਰਦਾ..
'ਸ਼ੰਤੋਖਪੁਰੀ' ਮਰ ਜੁ ਗਿਆ ਹੈ
ਜਿਉਂਦਾ ਹੁੰਦਾ ਤਾਂ ਸ਼ਿਕਾਇਤ ਕਿਉਂ ਕਰਦਾ..

Saturday, September 5, 2009

ਦਿਲ ਕਰਦੈ

..ਤਾਂ ਦਿਲ ਕਰਦੈ
ਜਦ ਕੋਈ ਫੋਨ ਕੰਨ ਨੂੰ ਲਾ ਕੇ ਗੱਲਾਂ ਕਰਦਾ ਹੈ
ਤਾਂ ਦਿਲ ਕਰਦੈ..
ਜਦ ਕੋਈ ਯਾਹੂ ਤੇ ਚੈਟਿੰਗ ਕਰਦਾ ਹੈ
ਤਾਂ ਦਿਲ ਕਰਦੈ..

ਸਾਡੇ ਵੀ ਦਿਨ ਹੁੰਦੇ ਸੀ
ਹੁਣ ਬੀਤ ਗਏ..
ਸਾਡੇ ਵੀ ਮੈਸੇਜ ਆਉਂਦੇ ਸੀ
ਕਿਧਰੇ ਹੀ ਉਹ ਗੀਤ ਗਏ..

ਜਦ ਲੋਕੀਂ ਰੁਸਦੇ ਨੇ
ਤਾਂ ਦਿਲ ਕਰਦੈ..
ਜਦ ਉਹ ਮਨਾਉਂਦੇ ਨੇ
ਤਾਂ ਦਿਲ ਕਰਦੈ..

ਅਸੀਂ ਵੀ ਰਾਤਾਂ ਕੱਟੀਆਂ ਨੇ
ਜੋ ਮੁੱਕ ਗਈਆਂ..
ਅਸੀਂ ਵੀ ਬਾਤਾਂ ਪਾਉਂਦੇ ਸੀ
ਜੋ ਨਾ ਸਾਡੇ ਕੋਲੋ ਬੁੱਝ ਹੋਈਆਂ.

ਜਦ ਕੋਈ ਹੱਸਦਾ ਹੁੰਦਾ ਏ
ਤਾਂ ਦਿਲ ਕਰਦੈ..
ਜਦ ਕੋਈ ਉਡੀਕਦਾ ਹੁੰਦਾ ਏ
ਤਾਂ ਦਿਲ ਕਰਦੈ..

ਅਸੀਂ ਵੀ ਰੋਂਦੇ ਹੁੰਦੇ ਸੀ
ਹੁਣ ਅੱਥਰੂ ਸਿਮਟ ਗਏ..
ਅਸੀਂ ਵੀ ਰਜਾਈਆਂ ਵਿੱਚ ਮੂੰਹ ਦਿੱਤੇ ਨੇ
ਕਿ ਸੁਪਨੇ ਟੁੱਟ ਗਏ..

ਜਦ ਕੋਈ ਬੈਠਾ ਬੈਠਾ ਮੁਸਕਾਉਂਦਾ ਏ
ਤਾਂ ਦਿਲ ਕਰਦੈ..
'ਸੰਤੋਖਪੁਰੀ' ਯਾਦਾਂ ਦਾ ਬਦਲ ਵਰਦਾ ਏ
ਤਾਂ ਦਿਲ ਕਰਦੈ..

Thursday, August 13, 2009

ਸੰਵਾਦ

ਸਮਝਣੀ ਥੋੜੀ ਔਖੀ ਹੋ ਸਕਦੀ ਆ ਏਸੇ ਕਰਕੇ ਇੱਕ ਪਾਤਰ(ਕਲੀ) ਦੇ ਬੋਲ ਮੋਟੇ ਅੱਖਰਾਂ ਵਿੱਚ ਦੇ ਰਿਹਾਂ

ਰਾਹ ਵਿੱਚ,
ਇੱਕ ਕਲੀ ਮਿਲੀ।
ਸੀਨਾ
ਮੋਹਬਤ ਨਾਲ ਭਰੀ ਮਿਲੀ

ਜਦ ਤੱਕਿਆ,
ਬਾਹਵਾਂ ਖੋਲ੍ਹ ਮਿਲੀ।
ਹੱਥ ਲਾਇਆ
ਉਹ ਖੁਸ਼ਬੋ ਨਿਰੀ।

ਜਦ ਤੁਰਿਆ,
ਹੰਝੁਆਂ ਦੀ ਝੜੀ ਲਗੀ।
ਮੁੱੜ ਤੱਕਿਆ
ਰਾਂਝਿਆ ਵੇ! ਹੀਰ ਲਗੀ।

ਸੁੰਨ ਮੁੰਨ ਹੋਇਆ
ਲੈ ਚੱਲ ਵੇ ਅਪਣੇ ਘਰੀਂ।
ਮੈਂ ਮੁਰਦਾ
ਮੇਰੇ ਨਾਲ ਜਿਉਣ ਕਰੀਂ।


ਸੜ ਜਾਣ ਦੇ
ਉਮਰ ਅਜੇ ਪਈ ਹੈ ਬੜੀ
ਕੀ ਭਰੋਸਾ
ਬਸ ਹਰ ਦਮ ਪਿਆਰ ਕਰੀਂ

ਤੂ ਝੱਲੀ
ਵੇ ਮੈਂ ਸੱਜਰੀ ਕਲੀ
ਰਵਾ ਨਾ
ਮੇਰੇ ਨਾਲ ਹੱਸ ਲਵੀਂ

ਬਸ ਕਰ
ਬਹਿ ਜਾ ਘੜੀ
ਜਾਣ ਦੇ
ਕਰਦੈਂ ਜਿੱਦ ਬੜੀ

ਫੁੱਲ ਬਣ ਜਾ
ਭੌਰਾ ਤੂੰ ਬਣੀ
ਕਮਲ ਨਾ ਮਾਰ
ਫੇਰ ਰੱਖ ਲਾ ਕਲੀ

ਸਖਤ ਬਣ!
ਪੱਥਰ ਨਹੀਂ
ਦੋਸਤ ਬਣ
ਤੈਨੂੰ ਪਿਆਰ ਨਹੀਂ?

ਸਵਾਲ ਪਉਣੀ ਐਂ..
ਜਵਾਬ ਕਦ ਮਿਲੇ ਨੇ?
ਬਸ ਕਰ
ਝਲੀ ਕਰਿਆ ਤੇਰੇ ਪਿਆਰ ਨੇ

ਐਡਾ ਮੈਂ ਪੱਥਰ ਵੀ ਨਹੀਂ
ਸੀਨੇ ਬਾਝੋਂ ਫੁੱਲ ਹੈਂ ਤੂੰ
ਹੁਣ ਕੀ ਬੋਲਾਂ?
ਬਸ ਅਪਨਾ ਮੇਰੇ ਸੀਨੇ ਨੂੰ

ਚੱਲ ਜਾ ਹੁਣ..
ਕਿਵੇਂ ਤੁਰਾਂ?
ਮੈਂ ਸ਼ਾਇਦ ਨਾ ਹੋਵਾਂ
ਕਦੋਂ ਮੁੜਾਂ?

ਚੱਲ ਗੁਰੂ ਫਤਹਿ
ਸ਼ਾਇਦ ਤੂੰ ਮੈਨੂੰ ਸਮਝ ਸਕੇਂ?
ਬੱਸ ਜਾ ਹੁਣ..
ਫਤਹਿ।

Monday, July 6, 2009

ਬਾਪੂ ਵੀ ਕੀ ਕਾਇਮ ਚੀਜ ਹੈ

ਬਾਪੂ ਵੀ ਕੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਬਾਪੂ ਮੈਨੂੰ ਟੌਫੀ ਲੈ ਦੇ
ਬਾਪੂ ਮੈਨੂੰ ਕੁਲਫੀ ਲੈ ਦੇ
ਠੰਡਾ ਲੈ ਦੇ, ਬਰਫੀ ਲੈ ਦੇ
ਕੱਛਾ ਲੈ ਦੇ, ਝੋਲਾ ਲੈ ਦੇ
ਬੂਟ ਲੈ ਦੇ, ਸੂਟ ਲੇ ਦੇ
ਆਹ ਲੈ ਦੇ, ਔਹ ਲੈ ਦੇ
ਬਾਪੂ ਬਾਪੂ ਕਹਿ ਕੇ ਕਹਿੰਦੇ ਰਹੇ
ਪਤਾ ਨਹੀ ਕੀ ਕੀ ਲੈ ਦੇ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਜਦੋਂ ਪਤਾ ਨਹੀਂ ਸੀ ਹੁੰਦਾ
ਨੌਕਰੀ ਕੀ ਹੈ
ਪੈਸਾ ਕੀ ਹੈ
ਬਸ ਉਦੋਂ ਇਹੀ ਵੇਖਣਾ
ਲੈਣੀ ਕੀ ਚੀਜ਼ ਹੈ
ਬਾਪੂ ਦਾ ਹੱਥ ਜੇਬ 'ਚ ਜਾਂਦਾ
ਪੈਸਾ ਦੁਕਾਨ ਵਾਲੇ ਦੀ ਜੇਬ 'ਚ ਜਾਂਦਾ
ਬੱਚਾ ਖੁਸ਼ ਹੋ ਜਾਂਦਾ
ਘਰ ਨੂੰ ਆਂਦਾ
ਭੰਗੜੇ ਪਾਂਦਾ ਗਾਣੇ ਗਾਂਦਾ
ਕਹਿੰਦਾ ਬਾਪੂ ਮੇਰਾ ਬਹੁਤ ਚੰਗੀ ਚੀਜ ਹੈ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਸਕੂਲ ਗਏ ਤਾਂ ਕਾਪੀ ਪਾੜੋ
ਕਿਤਾਬਾਂ ਦੀਆਂ ਜਿਲਦਾਂ ਪਾੜੋ
ਨਵਾਂ ਬੈਗ ਮੰਗਾਓ
ਪੈਨਸਿਲ ਤੇ ਪੈਨਸਿਲ-ਤਰਾਸ਼ ਗਵਾਓ
ਕਦੇ ਚਾਰਟ ਕਦੇ ਰੰਗ ਮੰਗਾਓ
ਫੀਸ ਭਰਾਓ
ਜੋ ਵੀ ਚਾਹੀਦਾ
ਬਾਪੂ ਜੀ ਕੋਲੋਂ ਪਾਓ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਵੱਡੇ ਹੋ ਗਏ
ਡਿੱਗਰੀਆਂ ਕਰ ਗਏ
ਨੌਕਰੀ ਲੱਗ ਗਏ
ਕਮਾਈਆ ਕਰ ਗਏ
ਪਰ ਜਦ ਜੀ ਕੀਤਾ
ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਵਿਆਹੁ ਹੋਆ ਮੇਰੇ ਬਾਬੁਲਾ
ਆਨੰਦ ਪੜੇ ਗਏ
ਪਰ ਸਾਰੇ ਖਰਚੇ
ਸਾਡੇ ਬਾਪੂ ਜੀ ਵਲੋਂ ਕਰੇ ਗਏ
ਬਾਪੂ ਜੀ ਨੇ ਕਾਰ ਕਰਵਾਤੀ
ਸਾਰੇ ਘਰ ਦੀ ਸਜਾਵਟ ਕਰਵਾਤੀ
ਬੂਟ ਸੂਟ ਸਭ ਕੁਝ ਮਿਲਿਆ
ਸਾਰਾ ਕਾਜ ਵਾਹਵਾ ਸੋਹਣਾ ਕਰਿਆ

ਬਾਪੂ ਵੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ

ਸਮਾਂ ਬੀਤਿਆ
ਕਾਕਾ ਬਾਪੂ ਬਣਿਆ
ਬਾਪੂ ਬਣਿਆ
ਕਾਕੇ ਦੇ ਘਰ ਰੱਬ
ਕਾਕੀ-ਕਾਕੇ ਨੂੰ ਜਣਿਆ
ਹੁਣ ਲਗਿਆ ਪਤਾ
ਜਦ ਬਾਪੂ ਬਣਿਆ
ਕਿ
ਬਾਪੂ ਵੀ ਕਿਆ ਚੀਜ ਹੈ
ਕਿਥੋਂ ਆਉਂਦੀ ਸੀ ਜੋ ਬਚਪਣ ਵਿੱਚ
ਬਾਪੂ ਨੇ ਲੈ ਕੇ ਦਿੱਤੀ ਚੀਜ ਹੈ

ਸੰਤੋਖਪੁਰੀ ਓਏ ਸੱਚਮੁੱਚ
ਸਾਡਾ ਬਾਪੂ ਵੀ ਕਿਆ ਕਾਇਮ ਚੀਜ ਹੈ
ਰੱਬ ਦੀ ਇਹ ਬਖਸੀਸ ਹੈ
ਸਾਰੇ ਰੋਗਾਂ ਦਾ ਉਹ ਵੈਦ ਹੈ
ਬਾਪੂ ਸਾਡਾ ਕਇਮ ਚੀਜ ਹੈ

Friday, June 12, 2009

ਇੰਤਜ਼ਾਰ

ਮੇਰੀ ਜੀਵਨ ਸਾਥਣ ਦੇ ਨਾਮ ਜੀਹਨੇ ਸਮੁੰਦਰੋਂ ਪਾਰ ਬੈਠ ਲੰਮਾ ਸਮਾਂ ਮੇਰਾ ਇੰਤਜ਼ਾਰ ਕੀਤਾ।
ਮਿਤੀ:4/17/08

ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ,
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ..
ਹਰ ਰੋਜ ਸਵੇਰੇ ਅੱਖਾ ਖੋਹਲਣ ਤੋਂ ਪਹਿਲਾਂ ਮੈਨੂੰ ਲਭਦੀ ਐ
ਦਰਦ ਵਿਛੋੜੇ ਦਾ ਹਾਲ ਮੇਰੀ ਰੂਹ ਪਈ ਦਸਦੀ ਐ..

ਉਹ ਸਮੁੰਦਰੋਂ ਪਾਰ....

ਵੈਬਕੈਮ ਤੇ ਤੱਕ ਕੇ ਮੈਨੂੰ ਅੱਖਾ ਵਿੱਚ ਹੰਝੂ ਰੋਕ ਲਵੇ,
ਝੁਠਾ ਜਿਹਾ ਹੱਸ ਕੇ ਫਿਰ ਦਰਦਾਂ ਨੂੰ ਸੋਕ ਲਵੇ..
ਕਿਤੇ ਮੇਰੀ ਨਾ ਭੁੱਬ ਨਿਕਲ ਜਾਏ
ਏਸੇ ਗੱਲੋਂ ਡਰਦੀ ਐ..

ਉਹ ਸਮੁੰਦਰੋਂ ਪਾਰ....

ਰੋਟੀ ਵੇਲਾ ਹੋਵੇ ਮੇਰਾ ਖੋਹ ਉਹਦੇ ਢਿੱਡ ਨੂੰ ਪੈਣ ਲੱਗੇ
ਰੱਜ ਕੇ ਰੋਟੀ ਖਾ ਲੈਣਾ ਫਿਰ ਪਿਆਰ ਨਾਲ ਕਹਿਣ ਲੱਗੇ..
ਕਿੰਨਾ ਖਾਧਾ ਕੀ-ਕੀ ਖਾਧਾ?
ਪੁੱਛ ਤਸੱਲੀ ਕਰਦੀ ਐ..

ਉਹ ਸਮੁੰਦਰੋਂ ਪਾਰ..

ਜਦ ਕੰਮ ਤੋਂ ਥੱਕ ਕੇ ਆਵੇ ਥਕਾਨ ਮੇਰੀ ਦਾ ਅਹਿਸਾਸ ਕਰੇ
ਵਸਦੀ ਉਹ ਤਾਂ ਬਹੁਤ ਦੂਰ ਹੈ ਰੂਹ ਉਡਾਰੀ ਫੇਰ ਭਰੇ
ਆ ਕੇ ਮੈਨੂੰ ਨੂੰ ਚਿੰਬੜ ਜਾਂਦੀ
ਤੇ ਆਖਰ ਰੋ ਹੀ ਪੈਦੀ ਐ...

ਉਹ ਸਮੁੰਦਰੋਂ ਪਾਰ....

ਰੱਬ ਕਰਕੇ ਛੇਤੀ ਹੋਵਣ ਮੇਲੇ
ਪੱਤਝੜ ਵਿੱਚ ਕੌਣ ਪੀਂਘਾਂ ਤੇ ਖੇਲੇ..
ਆਏ ਬਹਾਰ ਜਾਂ ਸਾਵਣ ਵਰ ਜਾਏ
ਖੁਸ਼ੀਆ ਦਾ ਸਾਡੇ ਤੇ ਬੱਦਲ ਵਰ ਜਾਏ..
ਇਸੇ ਅਰਦਾਸ ਨਾਲ 'ਦੁੱਲਟਾ' ਹੁਣ ਤਾਂ ਜ਼ਿੰਦਗੀ ਕਟਦੀ ਐ...
ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ

Sunday, June 7, 2009

ਮੇਰਾ ਨਾਂ

ਨਾ ਫੁੱਲ ਬਨਣਾ ਸੌਖਾ ਹੈ
ਤੇ ਨਾ ਇੰਦਰ ਬਨਣ ਵਿੱਚ ਵਡਿਆਈ ਹੈ

ਸੌਖਾ ਹੈ ਖਿੜ ਕੇ ਖੁਸਬੋ ਵੰਡਣਾ
ਮੁਰਝਾ ਕੇ ਗੁਲਕੰਦ ਬਨਣਾ ਸੌਖਾ ਨਹੀਂ
ਅਤਰ-ਫਲੇਲ ਇੰਦਰ ਨੇ ਬੜੇ ਵਰਤੇ ਹੋਣੇ ਨੇ
ਆਪਾ ਪਿਸਾ ਕੇ ਖੁਸ਼ਬੋ ਦੇਣਾ ਸੌਖਾ ਨਹੀਂ

ਪੁਸ਼ਪ ਲਿਖਿਆ ਮੇਰੇ ਨਾਮ ਅੰਦਰ
ਫਿਰ ਵੀ ਕੋਈ ਫੁੱਲ ਵਾਲਾ ਭਾਵ ਤੇ ਪੈਦਾ ਕਰਦਾ ਹੈ
ਪਰ ਇੰਦਰ ਬਣੇ ਦਾ ਕੀ ਫਾਇਦਾ
ਸਦਾ ਗੱਦੀ ਬਚਾਉਣ ਲਈ ਜੋ ਭੱਜਿਆ ਭੱਜਿਆ ਫਿਰਦਾ ਹੈ

ਜ਼ਿੰਦਗੀ ਤਾਂ ਆਖਦੇ ਨੇ
ਸੁਪਨੇ, ਹਕੀਕਤ ਅਤੇ ਸੰਘਰਸ਼ ਦੇ ਸੁਮੇਲ ਨੂੰ
ਪਰ ਇੱਥੇ ਤਾਂ ਨਾਮ ਮੇਰਾ ਖਿੰਡਿਆ ਖਿੰਡਿਆ ਫਿਰਦਾ ਹੈ

ਪਰ ਸ਼ਬਦ ਵੀ ਤਾਂ ਕੁਦਰਤ ਦੇ ਬਖਸ਼ੇ ਨੇ
ਇਨ੍ਹਾਂ ਦਾ ਕੀ ਕਸੂਰ
ਅਰਥ ਤਾਂ ਹਮੇਸ਼ਾ ਮਨੁੱਖ ਹੀ ਲਿਖਦਾ ਹੈ

ਪਹਿਲੀ ਵਾਰ ਜਦ ਨਾਮ ਪਿੱਛੇ ਕੀਤਾ ਸੀ ਗਿਲਾ ਮੈਂ
ਗੁਰੂ ਘਰ ਦੇ ਗ੍ਰੰਥੀ ਨਾਲ
ਉਸ ਨੇ ਕਿਹਾ ਫੁੱਲਾਂ ਦਿਆ ਰਾਜਿਆ
ਫੁੱਲਾਂ ਵਾਂਗ ਰਹਿ

ਪੁਸ਼ਪਿੰਦਰ ਸਿੰਘਾ
ਸਿੰਘ ਵਾਲਾ ਰੂਪ ਰੱਖ
ਆਪਾ ਵਾਰ
ਖੁਸ਼ਬੋਆਂ ਵੰਡਦਾ ਰਹਿ...

ਮੌਤ ਕਦੋਂ ਕਿੱਦਾਂ ਆਂਦੀ ਏ?

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਤੇਰੇ ਹਾਸਿਆਂ ਨੇ ਜਿਸ ਦਿਨ ਫੁੱਲ ਸੀ ਖਿੜਾਏ
ਉਹ ਦਿਨ ਯਾਦ ਕਰ ਅੱਜ ਮਹਿਕ ਜਾਏ
ਉਦੋਂ ਮਹਿਕ ਸੀ ਮਹਿਕਾਉਂਦੀ
ਪਰ ਅੱਜ ਤੜਫਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਉਹ ਬੋਲ ਵੀ ਨੇ ਯਾਦ
ਜਦ ਕੀਤੇ ਕੌਲ ਤੇ ਕਰਾਰ
ਉਠੇ ਬੈਠੇ ਤੁਰੇ ਫਿਰੇ ਕੱਠੇ ਪਰ ਅੱਜ ਤੇਰੇ ਹੱਥਾਂ ਦੀ
ਨਿੱਘ ਸਾੜ ਜਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਪਏ ਸੀ ਵਿਚੋੜੇ ਤੇ ਨਦੀਓਂ ਨੀਰ ਵਿੱਛੜੇ
ਤੁਰੀ ਤੇਰੀ ਡੋਲੀ ਅਸੀਂ ਤੱਕਦੇ ਰਹੇ ਦੂਰ ਖੜੇ
ਮਰ ਜਾਣ ਦਾ ਖਿਆਲ ਆਇਆ
ਮਾੜੀ ਕਿਸਮਤ 'ਸੰਤੋਖਪੁਰੀ' ਜ਼ਹਿਰਾਂ ਤੋਂ ਵੀ ਬਚਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਗੀਤ- ਅੱਜ ਕਿਉਂ ਤੂੰ ਆਇਓਂ..?

ਬੀਤ ਗਈਆ ਉਹ ਸ਼ਾਮਾਂ
ਹੁਣ ਨਾ ਉਹ ਰਾਤਾਂ ਤੇ ਪ੍ਰਭਾਤਾਂ
ਤੇਰੇ ਜਾਣ ਨਾਲ ਹੀ ਮੁੱਕ ਗਈਆਂ ਸੀ
ਸਭ ਬਾਤਾਂ ਤੇ ਮੁਲਾਕਾਤਾਂ...

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ...

ਤੇਰੇ ਜਾਣ ਪਿੱਛੋਂ ਅਸੀਂ ਕੱਲੇ ਇੱਥੇ ਰਹਿ ਗਏ
ਗੱਲ ਦਿਲ ਵਾਲੀ ਕੰਧਾਂ ਨੂੰ ਸੁਣਾਉਣ ਜੋਗੇ ਰਹਿ ਗਏ
ਹੱਥ ਨਾ ਤੂੰ ਲਾਵੀਂ ਐਵੇਂ ਪਿਆਰ ਨਾ ਜਤਾਵੀਂ ਹੁਣ
ਬਸ ਹੁਣ ਸਾਨੂੰ ਯਾਰਾ ਰੋਣ ਜੋਗਾ ਰਹਿਣ ਦੇ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਕਦੇ ਕਦੇ ਯਾਦ ਆਉਂਦੈ ਤੇਰਾ ਪਹਿਲੀ ਵਾਰ ਹੱਸਣਾ
ਹੱਸ ਕੇ ਓਏ ਤੱਕਣਾ ਤੇ ਦਿਲ ਵਿੱਚ ਵੱਸਣਾ
ਬੁਲ੍ਹ ਆਪਣੇ ਤੂੰ ਖੋਲ ਕੇ ਕੋਈ ਗਲ ਯਾਦ ਨਾ ਕਰਾਵੀਂ ਹੁਣ
ਬਸ ਹੁਣ ਯਾਰਾ ਸਾਨੂੰ ਬਿਰਹਾ ਦੀ ਧੂਣੀ ਸੇਕ ਲੈਣ ਦੇ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਅਮਰ ਹੈ ਅਹਿਸਾਸ ਉਹ ਸੀਨੇ ਨਾਲ ਲਾਉਣਾ ਤੈਨੂੰ
ਸੀਨੇ ਨਾਲ ਲਾ ਕੇ ਫੇਰ ਦਿਲਾਂ ਦਾ ਧੜਕਣਾ
ਹਉਕਾ ਕੋਈ ਲੈ ਕੇ ਮੇਰੀ ਉਹ ਧੜਕਣ ਨਾ ਜਗਾਵੀਂ ਹੁਣ
ਬਸ ਏਸ ਸਰੀਰ ਨੂੰ ਤੂੰ ਖਾਕ ਹੋਣ ਜੋਗਾ ਰਹਿਣ ਦੇ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਤੇਰਾ ਤਾਂ ਕੋਈ ਦੋਸ਼ ਨਹੀਂ ਐਵੈਂ ਕਿਉਂ ਦੇਈ ਜਾਨੈਂ ਸਫਾਈ ਓਏ ਝੱਲਿਆ
ਇਹ ਤਾਂ ਲਿਖੀਆਂ ਤਕਦੀਰਾਂ ਨੇ ਡਾਹਢਾ ਦੱਸ ਕਦੋਂ ਕਿਸੇ ਠੱਲਿਆ
ਡਾਹਢੇ ਮਿਹਰ ਵੀ ਹੈ ਕੀਤੀ ਓਏ ਦਰਦ ਵਿਚੋਂ ਪਿਆਰ ਦੀ ਕਲਾ ਲਭੀ
ਬੱਸ ਸੰਤੋਖਪੁਰੀ ਹੁਣ ਸਾਨੂੰ ਇਥੋਂ ਖੁਸ਼ੀ ਖੁਸ਼ੀ ਜਾ ਲੈਣ ਦੇ

ਅੱਜ ਤੂੰ ਆਇਓਂ ਯਾਰਾ
ਅਸੀਂ ਸਫਰ ਮੁਕਾ ਦਿੱਤਾ
ਸਾਹਾਂ ਦਾ ਹੀ ਰੋਣਾ ਸੀ ਓਏ
ਸਾਹ ਹੀ ਮੁਕਾ ਦਿੱਤਾ
ਤੇਰੇ ਪਿਆਰ ਸਾਨੂੰ ਅੱਜ
ਰੱਬ ਓਏ ਦਿਖਾ ਦਿੱਤਾ
ਸਾਹਾਂ ਦਾ ਹੀ ਰੋਣਾ ਸੀ ਓਏ
ਆਹ ਲੈ ਸਾਹ ਹੀ ਮੁਕਾ ਦਿੱਤਾ

ਸਾਹਾਂ ਦਾ ਹੀ ਰੋਣਾ ਸੀ ਓਏ....

ਨੈਣ

ਰੱਬ ਨੇ ਦੋ ਨੇਣ ਦਿੱਤੇ, ਸੁਰਮਾ ਪਾ ਕੇ ਤੂੰ ਤੇਜ਼ ਕੀਤੇ
ਨੈਣਾਂ ਨਾਲ ਗੱਲ ਕਰੇਂ ਸੋਹਣੀਏ, ਕਤਲ ਹੋ ਜਾਣ ਬਿਨਾਂ ਕੀਤੇ..

ਕੂੰਜ

ਅੱਜ ਇੱਕ ਕੂੰਜ ਦੀ ਮੌਤ ਤੇ,
ਲੱਖ ਦੁਨੀਆ ਰੋਈ,

ਇਸੇ ਦੁਨੀਆ ਦੇ ਕੀਤਿਆਂ,
ਉਹ ਹੈ ਮੋਈ।
ਆਪੇ ਮਾਰੇ ਆਪੇ ਰੋਵੇ,
ਦੁਨੀਆ ਦੀ ਸਮਝ ਨਾ ਆਈ।

ਜਿਦਾਂ ਵਾਹੇ ਤਿਵੇਂ ਕਮਾਵੇ,
ਕਿਸੇ ਨੂੰ ਰੋਕ ਟੋਕ ਨਾ ਕਾਈ।

ਕੂਕਦੀ ਕੂਕਦੀ ਕੂੰਜ ਮੋਈ,
ਕਿਸੇ ਕੂ਼ਕ ਓਸ ਦੀ ਸੁਣੀ ਨਾਹੀਂ।

ਓਹ ਮੋਈ ਤੇ ਲੋਕ ਕੂਕੇ,
ਕੂੰਜ ਮੋਈ ਦੀ ਖੇਹ ਉਡਾਉਣ ਰਾਹੀਂ......

ਲੜਾਈ

ਘਰ ਤੋਂ ਬਾਹਰ ਕੁੱਤਿਆਂ ਨੂੰ ਦੁੱਧ ਪਾਉਣਾ
ਉਨ੍ਹਾਂ ਦੀ ਆਦਤ ਹੈ..
ਉਨ੍ਹਾਂ ਵੱਲ ਤੱਕ ਕੇ ਨੱਕ ਬੁੱਲ੍ਹ ਵੱਟਣਾ
ਮੇਰੀ ਆਦਤ ਹੈ..

ਕਿਤੇ ਗਲ ਨਾ ਪੈ ਜਾਣ
ਮੈਂ ਗਵਾਂਢੀਆਂ ਨੂੰ ਟੋਕਦਾ ਨਹੀਂ..
ਐਵੇਂ ਨਾ ਵੱਢ ਖਾਣ
ਮੈਂ ਸਾਇਕਲ ਰੋਕਦਾ ਨਹੀਂ..

ਉਹ ਦੁੱਧ ਪਾਉਂਦੇ ਰਹਿੰਦੇ ਨੇ
ਉਹ ਪੀਂਦੇ ਰਹਿੰਦੇ ਨੇ..
ਮੈਂ ਘੁਰ ਘੁਰ ਕਰਦਾ ਰਹਿੰਦਾ ਹਾਂ
ਉਹ ਮੈਨੂੰ ਭੌਂਕਦੇ ਰਹਿੰਦੇ ਨੇ..

ਦਿਨੇ ਮੇਰਾ ਵੱਸ ਚਲਦੈ,
ਮੈਂ ਪੱਥਰ ਮਾਰ ਦਿਨਾਂ..
ਜੱਦ ਰਾਤੀਂ ਉਹ ਵੱਢਣ ਆਉਂਦੇ
ਮੈਂ ਭੱਜ ਲੈਨਾਂ..

ਗੁੱਸਾ ਕਾਇਮ ਹੈ,
ਵਿਰੋਧ ਜਾਰੀ ਹੈ..
ਘੂਰਨ ਤੇ ਭੌਕਣ ਦੀ
ਲੜਾਈ ਜਾਰੀ ਹੈ..

ਹੀਰ ਦੀ ਕਲੀ..

ਇਹ ਕਲੀ ਇਕ ਦਿਨ ਐਵੇਂ ਮਾਣਕ ਦੀਆ ਕਲੀਆਂ ਸੁਣਦੇ ਸੁਣਦੇ ਜੁੜ ਗਈ..

ਸੁੱਤੀ ਹੀਰ ਨੂੰ ਜਦ ਸੁਪਨਾ ਆ ਗਿਆ ਪੇਪਰਾਂ ਦਾ
ਸੁੱਤੀ ਹੀਰ ਨੂੰ ਜਦ ਸੁਪਨਾ ਆ ਗਿਆ ਪੇਪਰਾਂ ਦਾ
ਉੱਠ ਕੇ ਬਹਿ ਗਈ ਜੱਟੀ ਕਿਤਾਬਾਂ ਹੱਥ ਟਿਕਾਈਆ..
ਕਰ ਕੇ ਯਾਦ ਸਿਲੇਬਸ ਹੁਬਕੀਂ-ਹੁਬਕੀਂ ਰੋਂਦੀ ਆ ਹੋ
ਕਰ ਕੇ ਯਾਦ ਸਿਲੇਬਸ ਹੁਬਕੀਂ-ਹੁਬਕੀਂ ਰੋਂਦੀ ਆ
ਘਿਰ ਗਈ ਜੱਟੀ ਤੇ ਬੁੱਲੀਆਂ ਨੇ ਕੁਮਲਾਈਆਂ..

ਅੱਧੀਂ ਰਾਤੀਂ ਮਾਰਦੀ ਰੱਟੇ ਹੀਰ ਚੈਪਟਰਾਂ ਨੂੰ
ਅੱਧੀਂ ਰਾਤੀਂ ਮਾਰਦੀ ਰੱਟੇ ਹੀਰ ਚੈਪਟਰਾਂ ਨੂੰ
ਪੇਪਰ ਦਸ ਜਾ ਆਕੇ ਤੂੰ ਤੱਤੜੀ ਦਿਆ ਸਾਈਂਆ..
ਮੈਨਾ ਪਾਰਕਾਂ ਦੀ ਫੜ ਪਿੰਜਰੇ ਪਾ ਲਈ ਪੜਾਈਆਂ ਨੇ ਹੋ
ਮੈਨਾ ਪਾਰਕਾਂ ਦੀ ਫੜ ਪਿੰਜਰੇ ਪਾ ਲਈ ਪੜਾਈਆਂ ਨੇ
ਹੀਰ ਨੂੰ ਘਰ ਮਾਪਿਆਂ ਦੇ ਕੈਦਾਂ ਕੱਟਣੀਆਂ ਆਈਆਂ..

ਕੂੰਜ ਕੁਆਰੀ ਬਾਜ਼ ਤੋਂ ਖੋਹ ਲਈ ਪੇਪਰਾਂ ਕਲਿਹਣਿਆਂ ਨੇ
ਕੂੰਜ ਕੁਆਰੀ ਬਾਜ਼ ਤੋਂ ਖੋਹ ਲਈ ਪੇਪਰਾਂ ਕਲਿਹਣਿਆਂ ਨੇ
ਸੋਗ ਛਾਇਆ ਕਾਲਜੀਂ ਸੁਨੀਆਂ ਕੰਨਟੀਨਾਂ ਹੋਈਆਂ..
ਮਾੜੇ ਕਰਮ ਹੁੰਦੇ ਨੇ ਸਟੂਡੈਂਟ, ਗਰੀਬ ਤੇ ਆਸ਼ਕਾਂ ਦੇ ਹੋ
ਮਾੜੇ ਕਰਮ ਹੁੰਦੇ ਨੇ ਸਟੂਡੈਂਟ ਗਰੀਬ ਤੇ ਆਸ਼ਕਾਂ ਦੇ
ਤਕੜੇ ਲੈ ਜਾਣ ਦੇਖੋ ਤਿੰਨਾਂ ਦੀਆਂ ਕਮਾਈਆਂ..

ਪਾਸ ਹੋ ਗਏ ਮਿਲਾਂਗੇ ਫੇਰ 'ਦੁੱਲਟਾ' ਹੋ
ਪਾਸ ਹੋ ਗਏ ਮਿਲਾਂਗੇ ਫੇਰ ਮਿੱਤਰਾ
ਕਿਸਮਤ ਵਿੱਚ ਹੀਰ ਦੇ ਲਿੱਖੀਆਂ ਅਜੇ ਪੜਾਈਆਂ
ਕਿਸਮਤ ਵਿੱਚ ਹੀਰ ਦੇ ਲਿੱਖੀਆਂ ਅਜੇ ਪੜਾਈਆਂ...

ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?

ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਗਰਮ ਹੈ
ਦੁਨੀਆਂ ਦੀ ਸ਼ਰਮ ਹੈ
ਭਵਿੱਖ ਦੇ ਸੁਪਨੇ ਨੇ
ਨਹੀਂ ਇੱਕ ਪੱਲ ਦਾ ਅਰਾਮ

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਚਾਣਨ ਵਿੱਚ ਹੈ ਤਪਸ਼ ਕਿਉਂ?
ਦੁਨੀਆ ਵਿੱਚ ਹੈ ਕਸ਼ਮਕਸ਼ ਕਿਉਂ?
ਹਰ ਕੋਈ ਉਲਝਿਆ ਕਿਉਂ?
ਹਰ ਮੋੜ ਤੇ ਸਵਾਲ

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਦੀ ਤਪਸ਼ ਤੋਂ ਵੀ ਖਤਰਾ
ਚਾਨਣ ਤੋਂ ਵੀ ਖਤਰਾ
ਗੁਲਾਮ ਦੁਨੀਆ ਦਾ ਕਤਰਾ ਕਤਰਾ
ਲੁੱਟਦੀ ਹੈ ਮਿਹਨਤ ਕਿਉਂ ਸ਼ਰੇਆਮ?

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਕੋਲ ਜੇ ਤੇਜ ਹੈ
ਰਾਤ ਕੋਲ ਸਕੂਨ
ਰਾਤ ਦੇ ਹਨੇਰੇ ਵਿੱਚ ਪਲਦੇ ਨੇ ਜ਼ਨੂੰਨ
ਕਿਉਂ ਨੀ ਦਿਖਦੇ ਦਿਨ-ਦਿਹਾੜੇ ਹੁੰਦੇ ਕਤਲੇਆਮ?

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਤੈਨੂੰ ਕੀ ਹੋ ਗਿਆ?
ਕਿਉਂ ਐਨਾ ਤੂੰ ਸੜ ਰਿਹਾ?
ਜਦ ਵੀ ਸੂਰਜ ਸਾੜੇ, ਤਾਂ
ਸ਼ਰਨ ਹਨੇਰੇ ਵਿੱਚ ਲੈਂਦਾ ਹਰ ਇਨਸਾਨ

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਕਵਿਤਾ ਕੀ ਹੈ ਦੋਸਤਾ?

ਕਵਿਤਾ ਕੀ ਹੈ ਦੋਸਤਾ
ਕਵਿਤਾ ਦੀ ਨਾ ਪੁੱਛ
ਇਹ ਸਾੜੇ ਘਰ ਆਪਣਾ ਦੇਖ ਪਰਾਏ ਦੁੱਖ

ਇਹਨੂੰ ਕੋਈ ਕੀ ਆਖੇ
ਨਾ ਇਹ ਆਖਾ ਮੰਨਣ ਵਾਲੀ
ਰਾਹ ਤੁਰਦਿਆਂ ਸੁੱਤੇ ਪਿਆਂ ਆ ਜਾਂਦੀ
ਨਾ ਇਹ ਰੋਕੀ ਜਾਵਣ ਵਾਲੀ

ਕਿਸੇ ਨਹਾਉਣ ਜਾਂਦੇ ਦਾ ਪਾਣੀ ਠੰਡਾ ਕਰਵਾ ਦਿੰਦੀ
ਕਿਸੇ ਦੀ ਚਾਹ ਵਿੱਚ ਮੱਖੀ ਪਾ ਦਿੰਦੀ
ਹਿਸਾਬ ਦੇ ਇਮਤਿਹਾਨ ਵਿੱਚ ਛੱਪ ਜਾਂਦੀ
ਧੱਕੇ ਨਾਲ ਕਈ ਵਾਰ ਮੇਰੇ ਬਿਸਤਰੇ ਤੇ ਚੜ੍ਹ ਜਾਂਦੀ

ਬਾਹਲੀ ਢੀਠ ਹੈ, ਬਾਹਲੀ ਬੇ-ਸ਼ਰਮ ਹੈ
ਲੋਕ ਲਾਜ ਨਾ ਸਮਝੇ
ਜੀਵਨ ਸਾਥਣ ਬਾਹਵਾਂ ਦੇ ਵਿੱਚ
ਇਹ ਉੱਥੇ ਵੀ ਆ ਧਮਕੇ

ਮਸ਼ੂਕ ਦਿਸੇ ਕਿਸੇ ਪਰਾਏ ਦੀ ਡੋਲੀ
ਸ਼ਗਨਾਂ ਦੇ ਗੀਤ ਜਦ ਖੇਡਣ ਹੋਲੀ
ਇਹ ਕਮਲੀ ਇਹ ਅਨਪੜ ਜਿਹੀ
ਉੱਥੇ ਵੀ ਬੋਲੇ ਆਪਣੀ ਬੋਲੀ

ਜਦ ਕਿਸੇ ਦੇ ਬੋਲ ਗੁਆਚਣ
ਜਦ ਕਿਸੇ ਦੀਆ ਚੀਕਾਂ ਗੂੰਜਣ
ਇਹ ਹਰ ਇੱਕ ਦਾ ਦਰਦ ਵੰਡਾਉਂਦੀ
ਜਦ ਸਿਵ੍ਹੇ ਬਲਦੇ ਤੇ ਹੱਸ ਪੈਂਦੀ
ਫੇਰ ਪੁਆੜੇ ਪਉਂਦੀ

ਗੋਲੀ ਤੋਂ ਨਾ ਡਰਦੀ ਇਹ
ਡੰਡੇ ਕੁੱਟ ਨਾ ਮੰਨਦੀ..
ਮਾੜਾ ਸ਼ਾਇਰ ਸਰਕਾਰ ਮਾਰਦੀ
ਪਰ ਇਹ ਨੱਚਦੀ ਰਹਿੰਦੀ

ਢੀਠ ਵੀ ਹੈ ਬੇਸ਼ਰਮ ਵੀ ਹੈ
ਬੇਅਕਲ ਵੀ ਹੈ ਲੋਕ ਲਾਜ ਤੋਂ ਰਹਿਤ ਵੀ ਹੈ
ਫੇਰ ਵੀ ਭੋਲੀ ਜਿਹੀ ਇਹ ਨੰਨ੍ਹੀ ਮੁੰਨੀ ਖੰਡ ਦੀ ਗੋਲੀ ਵੀ ਹੈ

ਕਵਿਤਾ ਕੀ ਹੈ 'ਦੁਲੱਟਾ'
ਕਵਿਤਾ ਦੀ ਨਾ ਪੁੱਛ
ਇਹ ਸਜਾਏ ਘਰ ਆਪਣਾ ਦੇਖ ਪਰਾਏ ਸੁੱਖ

ਕਬੂਤਰ ਚੀਨਾ

ਪੀਘਾਂ ਝੁਟਦੀ, ਪੀਚੋ-ਬੱਕਰੀ ਖੇਡਦੀ, ਰੱਸੀ ਟੱਪਦੀ .. ਚੜਦੇ ਸੂਰਜ ਦੇ ਵਧਦੇ ਤੇਜ ਵਾਂਗ ਵੱਧ ਰਹੀ ਜਵਾਨੀ ਨੂੰ ਸੰਭਾਲਦੀ ਇੱਕ ਅੱਲੜ ਮੁਟਿਆਰ ਦੇ ਵਿਹੜੇ ਇੱਕ ਚੀਨਾ ਕਬੂਤਰ ਫੇਰਾ ਪਾਉਂਦਾ ਹੈ ਉਹ ਪੇਸ਼ ਕਰਨ ਦੀ ਜੁਅਰਤ ਕੀਤੀ ਹੈ.. ਆਸ ਹੈ ਸ਼ਬਦਾਂ ਦੇ ਬੰਧਨ ਤੋਂ ਆਜ਼ਾਦ ਖਿਆਲਾਂ ਨੂੰ ਸ਼ਬਦਾਂ ਰਾਹੀਂ ਪੇਸ਼ ਕਰਨ ਲਈ ਖਿਮਾਂ ਕਰੋਗੇ।

ਇੱਕ ਕਬੂਤਰ ਚੀਨਾ ਮੇਰੇ ਵਿਹੜੇ ਆਇਆ
ਮਿੱਠੀ ਬੋਲੀ ਨਾਲ ਮੈਨੂੰ ਮੋਹਿਆ, ਨੀ ਉਹ ਗੱਲਾਂ ਖੂਬ ਸੁਣਾ ਗਿਆ
ਸ਼ਾਵਾ ਜੀ! ਇੱਕ ਕਬੂਤਰ ਚੀਨਾ ਮੈਨੂੰ ਗੁਟਕੂੰ ਗੁਟਕੂੰ ਕਰਨ ਦੀ ਆਦਤ ਪਾ ਗਿਆ..
ਇੱਕ ਕਬੂਤਰ ਚੀਨਾ ਹੋ.....

ਜਦ ਉਹ ਆਇਆ ਦੁੱਧ ਚਿੱਟਾ ਵਿੱਚ ਅਸਮਾਨੀਂ ਉੱਡਦਾ
ਜੀ ਕਰਦਾ ਉਹਦੇ ਖੰਭਾਂ ਨਾਲ ਉੱਡਜਾਂ, ਨੀ ਉਹ ਨਵੀਆ ਰੀਸਾਂ ਲਾ ਗਿਆ
ਬੱਲੇ ਜੀ! ਇੱਕ ਕਬੂਤਰ ਚੀਨਾ ਮੈਨੂੰ ਉੱਡਣ ਦੀ ਆਦਤ ਪਾ ਗਿਆ
ਇੱਕ ਕਬੂਤਰ ਚੀਨਾ ਹੋ.....

ਟੌਅਰ ਮੜਕ ਨਾਲ ਉਹ ਮੇਰੇ ਵਿਹੜੇ ਵੜਿਆ
ਉਹਦੇ ਆਉਣ ਨਾਲ ਵਿਹੜਾ ਭਰਿਆ, ਨੀ ਉਹ ਰੌਣਕ ਸੋਹਣੀ ਲਾ ਗਿਆ
ਵਾਹ-ਵਾਹ ਜੀ! ਇੱਕ ਕਬੂਤਰ ਚੀਨਾ ਮੈਂਨੂੰ ਮੜਕ ਨਾਲ ਰਹਿਣਾ ਸਿਖਾ ਗਿਆ
ਇੱਕ ਕਬੂਤਰ ਚੀਨਾ ਹੋ...

ਚੁਣ ਚੁਣ ਕੇ ਸਲੀਕੇ ਨਾਲ ਉਹ ਚੋਗਾ ਚੁਣਦਾ
ਮੈਂ ਵੀ ਬਾਜਰਾ, ਚੌਲ-ਕਣੀ ਖਿਲਾਰੇ, ਨੀ ਉਹ ਪਿਆਰ ਨਾਲ ਸਾਰਾ ਖਾ ਗਿਆ
ਸੱਦਕੇ ਜੀ! ਇੱਕ ਕਬੂਤਰ ਚੀਨਾ ਮੈਨੂੰ ਚੋਗ ਚੁਗਾਉਣੀ ਸਿਖਾ ਗਿਆ
ਇੱਕ ਕਬੂਤਰ ਚੀਨਾ ਹੋ..

'ਸੰਤੋਖਪੁਰੀ' ਨੇ ਲਾਈ ਉਡਾਰੀ
ਹਾਏ ਮੈਂ ਪਿੱਟੀ ਕਿਸਮਤ ਮਾਰੀ, ਨੀ ਉਹ ਰੋਗ ਬਿਰਹੋਂ ਦਾ ਲਾ ਗਿਆ
ਹਾਏ ਜੀ! ਹਾਏ ਜੀ! ਇੱਕ ਕਬੂਤਰ ਚੀਨਾ ਮੈਨੂੰ ਇਸ਼ਕ ਦੇ ਅਸਮਾਨ ਉਡਾ ਗਿਆ
ਇੱਕ ਕਬੂਤਰ ਚੀਨਾ ਹੋ..

ਟੁੱਕ

ਭੁੱਖੇ ਨੂੰ ਪਾਈ ਬਾਤ
ਕਹਿੰਦਾ ਟੁੱਕ

ਟੁੱਕ-ਇੱਕ ਸੁੱਕੀ ਬੇਹੀ
ਰੋਟੀ ਦਾ ਟੁਕੜਾ
ਕੋਈ ਸੁੱਕੀ ਮੱਠੀ,
ਬਚੀ ਹੋਈ ਜੂਠ
ਜਾਂ ਫਿਰ ਛੱਤੀ ਪਦਾਰਥ।

ਖਾਧਾ-ਫੁੱਟਪਾਥ ਤੇ
ਕਿਤੇ ਕੂੜੇ ਦੀ ਢੇਰੀ ਜਾਂ
ਗੰਦ ਦੇ ਢੇਰ ਤੇ
ਮੈਲੇ ਹੱਥਾਂ ਤੇ ਰੱਖ
ਜਾਂ ਫਿਰ ਮਹਿੰਗੇ ਡਾਈਨਿੰਗ ਸੈਟਾਂ 'ਚ

ਕਮਾਇਆ-ਹਾੜੇ ਕੱਢ ਕੇ
ਗੰਦ ਹੂੰਝ ਕੇ
ਹੋਟਲਾਂ ਦੀ ਜੂਠ ਫਰੋਲ
ਮਿਹਨਤ ਦੀ ਭੱਠੀ
ਸੁੱਕਾ ਸਰੀਰ ਝੋਕ ਕੇ।
ਜਾਂ ਫਿਰ ਨਿਤਾਣਿਆਂ ਦਾ ਲਹੂ
ਨਿਚੋੜ ਕੇ

ਪਰ-ਹਰ ਜ਼ਿੰਦਗੀ ਦਾ ਹਿੱਸਾ
ਹੈ ਟੁੱਕ

'ਸੰਤੋਖਪੁਰੀ' ਜਦੋਂ ਵੀ ਕਿਸੇ
ਭੁੱਖੇ ਨੂੰ ਪਾਈ ਬਾਤ
ਕਹਿੰਦਾ ਟੁੱਕ

ਅਮਲੀ ਦਾ ਸਫਰ..

ਸਾਡੇ ਪਿੰਡ ਇੱਕ ਅਮਲੀ ਰਹਿੰਦਾ
ਆਪਣੀ ਰਹਿਤ ਦਾ ਪੱਕਾ
ਨਸ਼ੇ ਬਿਨਾਂ ਉਹਦਾ ਭੋਰਾ ਨੀ ਸਰਦਾ
ਤੜਕਸਾਰ ਚਾਹ ਨਾਲ ਮਾਰੇ ਭੁੱਕੀ ਦਾ ਫੱਕਾ

ਉਹ ਮਸਤ ਮਲੰਗ ਬਾਵਰਾ
ਬਹੁਤਾ ਜ਼ੁਲਮ ਨਾ ਦੇਹ ਤੇ ਕਰਦਾ
ਕਹਿੰਦਾ ਪਾਣੀ ਲਾਕੇ ਗਿੱਲੀ ਕਿਉਂ ਕਰਨੀ
ਬਸ ਪਿੰਡੇ ਨੂੰ ਧੁੱਪ ਲੁਵਾ ਛੱਡਦਾ

ਬਾਰਾਂ ਕੁ ਵਜੇ ਫੇਰ ਉਹ ਸ਼ਿਫਟ ਦੁਜੀ ਓ ਲਾਉਂਦਾ
ਜਦ ਕਿਸੇ ਯਾਰ ਦੇ ਵਿਹੜੇ ਅਫੀਮ ਘੋਲ ਕੇ ਚਾਹ ਦਾ ਗਿਲਾਸ ਸਜਾਉਂਦਾ
ਚਾਹ ਦੇ ਗਿਲਾਸ ਵਿੱਚ ਖੋਰ ਦੇ ਡਲੀ ਜਿੰਦ ਅਮਲੀ ਦੀ ਨਿਕਲ ਚਲੀ
ਫੇਰ ਲੋਰ 'ਚ ਆ ਕੇ ਗਾਉਂਦਾ

ਕਰਕੇ ਨਸ਼ਾ ਅੰਤਾਂ ਦੀ ਚਤੁਰਾਈ ਦਿਖਾਵੇ
ਉਧਰੋਂ ਸੂਰਜ ਉੱਤਰੇ ਤੇ ਉਹ ਘਰ ਨੂੰ ਫੇਰਾ ਪਾਵੇ
ਨਸ਼ਾ ਟੁੱਟਣ ਨਾਲ ਫੇਰ ਅਮਲੀ ਮੰਜੀ ਨਾਲ ਜੁੜਦਾ ਜਾਂਦਾ
ਖਾਲੀ ਘਰ ਜਨਾਨੀ ਤੋਂ ਸੱਖਣਾ ਝੋਰਾ ਵੱਢ ਵੱਢ ਖਾਂਦਾ

ਰਾਤੀਂ ਫੇਰ ਉਹ ਸਿਰ ਜੁੱਲੀ ਵਿੱਚ ਦੇਕੇ
ਬਹੁਤੇ ਨੀਰ ਵਹਾਉਂਦਾ
ਦੇਹ ਦੇ ਟੁੱਟਦੇ ਪਿੰਜਰ ਨੂੰ
ਆਪੇ ਸਹਿਲਾਕੇ ਰਾਤ ਲੰਘਾਉਂਦਾ

ਛੱਤ ਦੇ ਟੁੱਟਦੇ ਬਾਲੇ
ਮੱਝਾਂ ਦੇ ਖਾਲੀ ਕੀਲੇ ਸਤਾਉਂਦੇ
ਇੱਕ ਇੱਕ ਕਰਕੇ ਜੋ ਵਿਕ ਗਏ
ਜੱਦੀ ਜਮੀਨ ਦੇ ਪੱਚੀ ਕੀਲੇ ਯਾਦ ਫਿਰ ਆਉਂਦੇ

ਹਾਏ ਅਮਲੀਆ ਜੇ ਚੰਗੀ ਸੰਗਤ ਰੱਖਦਾ
ਕਾਹਨੂੰ ਇਹ ਦਿਨ ਆਉਂਦਾ
ਨਾਲੇ ਦੇਹ ਨਰੋਈ ਰਹਿੰਦੀ
ਨਾਲੇ ਘਰ ਵਸਾਉਂਦਾ

ਨਾ ਤਾਂ ਫੇਰ ਇਸ ਪਸ਼ੂ ਧਨ ਵਿਕਦਾ
ਤੇ ਨਾ ਜਮੀਨ ਗਵਾਉਂਦਾ
ਆ ਜਿਹੜੀ ਦਰ-ਦਰ ਦੁਰਰ ਦੁਰਰ ਹੁੰਦੀ
ਇਨਾਂ ਸਭ ਦੇ ਸਰਦਾਰੀ ਜਮਾਉਂਦਾ

ਚਲ ਅਮਲੀਆ ਦਿਨ ਚੜ੍ਹ ਆਇਆ
ਭੁੱਕੀ ਦਾ ਚਮਚਾ ਲਾਈਏ
ਖਾਕੇ ਭੋਰਾ ਕਾਲੇ ਮਾਲ ਦਾ
ਪਿੰਡ ਦਾ ਗੇੜਾ ਲਾਈਏ

ਆਜਾ ਅੱਜ ਫੇਰ ਉਸੇ ਢਾਣੀ 'ਚ ਚਲੀਏ
ਜਿਥੇ ਆਪਾਂ ਵੀ ਸੀ ਵਿੱਚ ਜਵਾਨੀ ਬਹਿੰਦੇ
ਆ! ਉਹਨਾਂ ਨੂੰ ਅੱਜ ਬਚਾਈਏ
ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ..

ਆ ਦੁਲੱਟਾ! ਉਹਨਾਂ ਨੂੰ ਅੱਜ ਬਚਾਈਏ
ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ...