ਸਿਰ ਵੱਢੇ ਜਾਣ, ਬੰਦ ਕੱਟੇ ਜਾਣ,
ਚੱਲ ਜਾਣ ਸਿਰਾਂ ਉੱਤੇ ਆਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।
ਗੁਰੁ ਅਰਜਨ ਤੱਤੀ ਤਵੀ ਉੱਤੇ ਬੈਠੇ,
ਰੇਤਾ ਸੀਸ ਪਾਇਆ, ਦੇਗ ਚ ਉਬਾਲੇ ਗਏ।
ਭਾਣਾ ਮਿੱਠਾ ਕਰਕੇ ਰਹੇ ਉਹ ਮੰਨਦੇ,
ਰਾਵੀ ਦੇ ਠੰਢੇ ਪਾਣੀ ਵਿੱਚ ਠਾਰੇ ਗਏ।
ਸ਼ਹੀਦਾਂ ਦੇ ਕਹਾਉਂਦੇ ਸਿਰਤਾਜ ਸਤਿਗੁਰੂ,
ਸ਼ਹੀਦੀਆਂ ਨੇ ਬਖਸ਼ੀਆਂ ਸਿੰਘਾਂ ਨੂੰ ਸਰਦਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ,
ਜੰਗ-ਜੁੱਧ ਲੜੇ ਜਿੱਤੇ ਬਾਈ।
ਗੁਰੂ ਤੇਗ ਬਹਾਦਰ ਤੇਗਾਂ ਮਾਰੀਆਂ,
ਮੀਰੀ-ਪੀਰੀ ਦੋਵਾਂ ਹੀ ਮੈਦਾਨਾਂ ਵਿੱਚ ਫਤਹਿ ਭਾਈ।
ਜਦੋਂ ਸਵਾ ਮਣ ਜਨੇਊ ਨਿੱਤ ਲਹਿੰਦੇ,
ਤਕਦੀਰਾਂ ਧਰਮ ਦੀਆਂ ਸਤਿਗੁਰੂ ਸੀਸ ਦੇਕੇ ਸਵਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।
ਵਿਸਾਖੀ ਵਾਲੇ ਦਿਨ ਗੁਰੂ ਸੀਸ ਮੰਗਿਆ,
ਤੇਗ ਭੇਟ ਹੋ ਬਣ ਗਏ ਪੰਜ-ਪਿਆਰੇ ਜੀ।
ਅੰਮ੍ਰਿਤ ਗੁਰਾਂ ਨੇ ਛਕਾਇਆ-ਛਕਿਆ,
ਵਾਹੋ! ਵਾਹੋ! ਆਪੇ ਗੁਰੂ ਚੇਲਾ ਜੀ।
ਖਾਲਸੇ ਨੇ ਜਦੋਂ ਤੇਗਾਂ ਮਾਰੀਆਂ
ਭੱਜ ਗਈਆਂ ਫੌਜਾਂ ਦਿੱਲੀ ਤੇ ਪਹਾੜਾ ਵਾਲੀਆਂ
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।
ਪੰਜ ਸੀਸ ਲਏ ਤੇ ਸਰਵੰਸ ਵਾਰਿਆ,
ਸਤਿਗੁਰੂ ਵਚਨ ਨਿਭਾਅ ਗਏ।
ਬਸ ਫੇਰ ਤੇ ਪੰਥ ਕਿਆਰੀ ਵਿਚ ਸਿੰਘ ਜੀ,
ਸ਼ਹੀਦਿਆਂ ਦੇ ਫੁੱਲ ਖਿੜ ਗਏ।
ਵਜੀਰ ਖਾਨ ਤੇ ਮਲੇਰਕੋਟੀਏ ਲੜ ਹਾਰੇ,
ਤੇਗਾਂ ਜਦ ਸ਼ਹੀਦ ਬਾਬਾ ਬੰਦਾ ਸਿੰਘ ਮਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।
੩੦੦ ਸਾਲ ਫਿਰ ਖਾਲਸਾ
ਜੁਝਦਿਆਂ ਖੂਬ ਬੀਤ ਗਏ
ਰਾਜ ਖਾਲਸਾ ਹੋਇਆ ਵਿੱਚ ਰਿਆਸਤਾਂ
ਅਕਾਲੀ ਫੂਲਾ ਸਿੰਘ, ਨਲੂਆ, ਅਟਾਰੀ ਸਿੰਘ ਜੂਝ ਗਏ
'ਸੰਤੋਖਪੁਰੀ' ਗੋਰੇ ਭਜਾਏ, ਦੇਸ਼ ਹੀਣ ਹੋਏ, ਪਰ ਫੇਰ ਵੀ
ਜੰਗਾਂ ਵਿੱਚ ਸਿੰਘਾਂ ਦੀਆ ਸਰਦਾਰੀਆਂ
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।
ਖਾਲਸੇ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਨਾਮ-ਖੁਮਾਰੀਆਂ।
Subscribe to:
Post Comments (Atom)
Awesome
ReplyDelete