Saturday, February 26, 2011

ਜਿੱਤ

ਇਹ ਸਮਝਦੇ ਨੇ ਅਸੀਂ ਹਾਰ ਗਏ
ਉਹ ਸਮਝਦੇ ਨੇ ਅਸੀਂ ਮਾਰ ਲਏ
ਪਰ ੮੪ ਪਿੱਛੋਂ ਜੋ ਗਰਜੇ ਸੀ
ਇਹ ਜਿੱਤ ਹੈ।

ਇਹ ਸਮਝਦੇ ਨੇ ਢਹਿ ਗਿਆ
ਉਹ ਸਮਝਦੇ ਨੇ ਢਾਹ ਲਿਆ
ਪਰ ੮੪ ਵਿੱਚ ਜੋ ਅੜ ਕੇ ਖੜ ਗਏ ਸੀ
ਇਹ ਜਿੱਤ ਹੈ

ਇਹ ਸਮਝਦੇ ਨੇ ਬੰਦੂਕ ਸੁੱਟ ਦਿੱਤੀ
ਉਹ ਸਮਝਦੇ ਨੇ ਬੰਦੂਕ ਸੁਟਵਾ ਲਈ
ਪਰ ਘੁਰਨਿਆਂ 'ਚ ਡਰਦੇ ਲੁਕ ਕੇ ਜੋ ਬੈਠੇ ਨੇ
ਇਹ ਜਿੱਤ ਹੈ

ਇਹ ਸਮਝਦੇ ਨੇ ਗਲ ਮੁੱਕ ਰਹੀ ਐ
ਉਹ ਸਮਝਦੇ ਨੇ ਗਲ ਮੁਕਾਈ ਪਈ ਐ
ਪਰ ਅਖਬਾਰਾਂ 'ਚ ਝੂਠੇ-ਸੱਚੇ ਗ੍ਰਿਫਤਾਰ ਜੋ ਛਪਦੇ ਨੇ
ਇਹ ਜਿੱਤ ਹੈ

Wednesday, February 9, 2011

ਸੱਚ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਹ ਅੱਗਾਂ ਦੇ ਲਾਂਭੂ ਦਿੱਖਦੇ ਤਾਂ ਨਹੀਂ
ਪਰ ਅੱਜ ਵੀ ਬਲਦੇ ਨੇ
ਉਹਨਾਂ ਬਾਪੂ ਜਿਨ੍ਹਾਂ ਦੇ ਮਾਰੇ ਸੀ
ਉਹ ਬਾਲ ਬਾਪੂ ਬਣਕੇ ਅੱਜ ਵੀ ਉਵੇਂ ਹੀ ਰੁਲਦੇ ਨੇ

ਉਹਨਾਂ ਦੇ ਸੀਨੇ ਵਿੱਚ ਅੱਜ ਵੀ ਲਾਂਬੂ ਉਹੀ
ਐਵੇਂ ਨਹੀਂ ਅੱਧੀ ਰਾਤ ਉਹ ਅੱਭੜਵਾਹੇ ਉੱਠ ਪਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਹ ਤਾਰੀਖ ਇਹੋ ਜਿਹੀ ਸੀ
ਜਦ ਸਰਕਾਰਾਂ ਸੌ ਗਈਆਂ
ਹੈਵਾਨ ਜਾਗ ਗਏ ਸੀ
ਤੇ ਪਿੱਠ ਤੇ ਤਾਕਤਾਂ ਖੜੋ ਗਈਆਂ

ਉਹ ਕੋਹ ਕੋਹ ਕੇ ਮਾਰੇ ਸੀ ਜੋ ਜਿਉਂਦੇ ਸਾੜੇ ਸੀ
ਯਾਦਾਂ ਨੇ ਦਸਤਕ ਦਿੱਤੀ ਤੇ ਦੇਖੋ ਨਾਸੂਰਾਂ 'ਚੋਂ ਲਹੂ ਫੁੱਟ ਪਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਹਨਾਂ ਹੱਥਿਆਰ ਨਹੀਂ ਚੁੱਕਿਆ
ਉਹਨਾਂ ਨੇ ਫਰਿਆਦ ਹੀ ਕੀਤੀ
ਉਹ ਮੰਨਦੇ ਰਹੇ ਕਾਨੂੰਨ ਦੇਸ਼ ਦਾ
ਪਰ ਕਾਨੂੰਨ ਦੀ ਸੀ ਹੋਰ ਨੀਤੀ

ਕਮੀਸ਼ਨਾਂ ਅੱਗੇ ਭੁੱਗਤਦੇ ਰਹੇ ਉਹ ਪੇਸ਼ੀ
ਹਰ ਦਿਨ ਗਵਾਹੀ ਉਹ ਜ਼ਲੀਲ ਹੁੰਦੇ ਆ ਗਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

ਉਨ੍ਹਾਂ ਦਾ ਨਾ ਸੀ ਕਸੂਰ ਕੋਈ
ਬਸ ਇਕ ਕੇਸ ਹੀ ਸਨ ਦਸਤਾਰ ਵਿੱਚ ਸੰਭਾਂਲੇ
ਪੰਜਾਬੀ ਸੀ ਉਨ੍ਹਾਂ ਦੇ ਬੋਲਾਂ ਵਿੱਚ
ਤਾਂਹੀ ਮਾਰੇ ਗਏ ਵਿੱਚ ਕਾਨਪੁਰ, ਬੋਕਾਰੋ, ਰਾਂਚੀ, ਗਵਾਲੀਅਰ ਦੇ

ਯਾਦ ਕਰ ਗੁਰਧਾਮਾਂ ਦੀ ਬੇਅਦਬੀ ਲਓ ਇਨਸਾਫ ਦਿੱਲੀ ਤੋਂ
ਦੱਸੋ ਸਿੰਘ ਸੁੱਤੇ ਨਹੀਂ ਅੱਜੇ, ਨਾਲ ਕਹੋ ਅਸੀਂ ਲਾਰਿਆ ਤੋਂ ਅੱਕ ਗਏ

ਉਹ ਹਾਵੇ ਵੀ ਮੁੱਕ ਗਏ
ਉੱਥੇ ਅੱਥਰੂ ਵੀ ਸੁੱਕ ਗਏ
ਇਨਸਾਫ ਅਜੇ ਨਹੀਂ ਆਇਆ
ਉਹ ਲੋਕ ਵੀ ਮੁੱਕ ਗਏ

Monday, January 17, 2011

ਆਸ

ਉਹ ਰਾਹ ਹੀ ਵੱਖਰੇ ਹਨ
ਜਿਨ੍ਹਾਂ ਤੇ ਤੁਰਨ ਨੂੰ ਦਿਲ ਕਰਦਾ ਰਿਹਾ ਹੈ
ਉਹ ਯਾਰ ਹੀ ਵੱਖਰੇ ਹਨ
ਜਿਨਾਂ ਨਾਲ ਕਦਮ ਮਿਲਾਉਣ ਨੂੰ ਦਿਲ ਕਰਦਾ ਰਿਹਾ ਹੈ
ਜਿੰਦਗੀ ਦੀ ਤੋਰ ਕੋਈ ਹੋਰ ਤੋਰ ਤੁਰਦੀ
ਤੇ ਸੁਪਨਿਆ ਵਿਚ ਵੱਖਰਾ ਸਫਰ ਰਿਹਾ ਹੈ
ਲੋਕਾਂ ਵਿੱਚ ਗੱਲ ਕੁਝ ਹੋਰ ਤੁਰੀ
ਪਰ ਅੰਦਰੋਂ ਰੂਹ ਦਾ ਲਲਕਾਰਾ ਹੋਰ ਰਿਹਾ ਹੈ

ਦਿਲ ਤੇ ਸੀ ਸਦਾ ਪਤੰਗੇ ਦੇ ਇਸ਼ਕ ਦਾ ਕਾਇਲ
ਪਰ ਸਰੀਰ ਅੱਗ ਤੋਂ ਭਜਦਾ ਰਿਹਾ ਹੈ
ਕਦਮ ਤਾਂ ਬਹੁਤ ਲੰਮੀ ਪੁਲਾਂਘ ਪੁੱਟਣ ਦੇ ਰਹੇ ਆਦੀ ਸਦਾ
ਪਰ ਲੱਤਾਂ ਦੀਆਂ ਨਸਾਂ 'ਚ ਸਫਰ ਦੇਖ ਖੂਨ ਜੰਮਦਾ ਰਿਹਾ ਹੈ
ਸੁਪਨੇ 'ਚ ਤਾਂ ਮੈਂ ਬਹੁਤ ਬਣਿਆ ਹਾਂ ਬਾਦਸ਼ਾਹ
ਪਰ ਹਕੀਕਤ ਦਾ ਆਮ ਆਦਮੀ ਹਾਰਦਾ ਰਿਹਾ ਹੈ
ਬੋਲ ਜੰਮਦੇ ਨੇ ਹਿੱਕ 'ਚੋਂ ਨਿਆਰਾ ਰਾਗ ਅਲਾਪਦੇ
ਪਰ ਬੁਲਾਂ ਦੇ ਬੋਲਾਂ ਨੂੰ ਸਦਾ ਭੈ ਰਿਹਾ ਹੈ

ਉਹ ਰਾਹ ਹੀ ਵੱਖਰੇ ਹਨ
ਜਿਨ੍ਹਾਂ ਤੇ ਤੁਰਨ ਨੂੰ ਦਿਲ ਕਰਦਾ ਰਿਹਾ ਹੈ
ਉਹ ਯਾਰ ਹੀ ਵੱਖਰੇ ਹਨ
ਜਿਨਾਂ ਨਾਲ ਕਦਮ ਮਿਲਾਉਣ ਨੂੰ ਦਿਲ ਕਰਦਾ ਰਿਹਾ ਹੈ
ਜਿੰਦਗੀ ਦੀ ਤੋਰ ਕੋਈ ਹੋਰ ਤੋਰ ਤੁਰਦੀ
ਤੇ ਸੁਪਨਿਆ ਵਿਚ ਵੱਖਰਾ ਸਫਰ ਰਿਹਾ ਹੈ
ਲੋਕਾਂ ਵਿੱਚ ਗੱਲ ਕੁਝ ਹੋਰ ਤੁਰੀ
ਪਰ ਅੰਦਰੋਂ ਰੂਹ ਦਾ ਲਲਕਾਰਾ ਹੋਰ ਰਿਹਾ ਹੈ

ਕੋਈ ਨਾ ਸਰਦਾਰਾ ਰੱਖ ਹੌਸਲਾ ਦਿਲਾਂ ਦੇ ਵਿੱਚ
ਵਕਤ ਦਾ ਗੇੜ ਸਭ ਨੂੰ ਬੁਝਾਰਤ ਪਾਉਂਦਾ ਰਿਹਾ ਹੈ
ਡਰਿਆ ਤੇ ਕਦੇ ਬੰਦਾ ਬਹਾਦਰ ਵੀ ਹੋਵੇਗਾ
ਪਰ ਦਸਮੇਸ਼ ਆਪ ਆ ਕੇ ਥਾਪੜਾ ਦਿੰਦਾ ਰਿਹਾ ਹੈ
ਕਦੀ ਤੇ ਸਰਾਭੇ ਸਰਦਾਰ ਦੇ ਵੀ ਪੈਰ ਮੁੜਣਾ ਚਾਹੇ ਹੋਣਗੇ ਪਿਛਾਂਹ ਨੂੰ
ਬਖਸ਼ਿਸ਼ ਨਾਲ ਹਰ ਕੋਈ ਵਧਦਾ ਅਗਾਂਹ ਰਿਹਾ ਹੈ
ਬੇਕਸੂਰੇ ਵੀ ਸੱਜਣਾ ਬਹੁਤ ਡਾਹਢਿਆ ਦੇ ਹੱਥੋਂ ਜੱਗ ਵਿੱਚ ਮਰੇ
ਕਸੂਰ ਕਰਕੇ ਮਰਨ ਦਾ ਤਾਜ ਸਦਾ ਸ਼ੇਰਾਂ ਸਿਰ ਰਿਹਾ ਹੈ

ਕੋਈ ਦਿਨ ਆਵੇਗਾ
ਉਨ੍ਹਾਂ ਰਾਹਵਾਂ ਤੇ ਵੀ ਤੁਰਾਂਗੇ
ਕਿਸੇ ਦਿਨ ਗਲਵੱਕੜੀ
ਉਨ੍ਹਾਂ ਯਾਰਾਂ ਨਾਲ ਪਏਗੀ
ਸੁਪਨਿਆਂ ਦੀ ਜ਼ਿੰਦਗੀ
ਇੱਕ ਦਿਨ ਹਕੀਕਤ 'ਚ ਆਏਗੀ
ਇੱਕ ਸਵੇਰ ਵੱਜੇਗਾ ਲਲਕਾਰਾ ਰਣਜੀਤ ਨਗਾਰੇ ਚੋਟ ਤੇ
ਜੀਹਦੇ ਲਈ ਦਸਮੇਸ਼ ਕੇਸਗੜ ਤੋਂ ਵੰਗਾਰਦਾ ਹੈ।

Tuesday, December 22, 2009

ਯਾਦ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਤੜਕੇ ਉੱਠ ਕੇ ਉਹ ਨਿੰਮ ਤੇ ਕਿੱਕਰ ਦੀਆਂ ਦਾਤਨਾਂ
ਮਿਲਦਾ ਨਈਂ ਏਥੇ ਧੂਣੀਆਂ ਦਾ ਸੇਕਣਾ
ਚਾਹ ਲੱਸੀ ਪੀਣੀ ਜੋ ਬਹਿ ਕੇ ਧੁੱਪੇ
ਉਹ ਯਾਦ ਮਾਰਦੀ..

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਧੁੱਪ ਸੇਕਣੇ ਦਾ ਯਾਰੋ ਸੀ ਸਵਾਦ ਵੱਖਰਾ
ਨਿੱਘ ਜੋ ਦੇਵੇ ਉਹ ਸੂਰਜ ਦਾ ਰੂਪ ਵੱਖਰਾ
ਏਥੇ ਤਾਂ ਯਾਰੋ ਬਰਫ ਠਾਰਦੀ
ਸੂਰਜ ਨਿਕਲੇ ਤੋਂ ਵੀ ਠੰਡ ਮਾਰਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਉਹ ਗੰਨੇ ਚੂਪਣੇ ਪੰਜਾਬ ਰਹਿ ਗਏ
ਸਾਗ ਦੇ ਸਵਾਦ ਚੁੱਲੇ ਉੱਤੇ ਰਹਿ ਗਏ
ਰੋਟੀ ਤਾਂ ਇਥੇ ਮਿਲ ਜਾਏ ਮੱਕੀ ਬਾਜਰੇ ਦੀ
ਪਰ ਯਾਦ ਮਾਂ ਦੀ ਪਰਦੇਸੀਆ ਨੂੰ ਨਿੱਤ ਮਾਰਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਮੇਰੇ ਘਰ ਵਿੱਚ ਰਹਿ ਗਿਆ ਰਜਾਈ ਵਾਲਾ ਨਿੱਘ
ਉਹ ਕਪਾਹ ਦੀ ਖੁਸ਼ਬੋ ਤੇ ਪਿਆਰ ਵਾਲਾ ਨਿੱਘ
ਵਾਹ ਨਜ਼ਾਰਾ ਉਹ ਸੂਰਜ ਨਿਕਲੇ ਤ੍ਰੇਲ ਉੱਡਦੀ
ਸੈਰ ਸਵੇਰੇ ਉੱਠ ਕੇ ਜੋ ਹੋਇ ਖੇਤ ਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

ਮਿੱਟੀ ਵਿੱਚ ਜਿੱਥੇ ਹੈ ਖੁਸ਼ਬੋ ਵਸਦੀ
ਮੱਝਾਂ ਗਾਵਾਂ ਨਾਲ ਜਿੱਥੇ ਸਾਂਝ ਨਿੱਤ ਦੀ
ਦੁੱਧ ਤੇ ਜਿਥੇ ਮਿਲਾਈ ਬਹੁਤ ਆਵੇ
'ਦੁਲੱਟ' ਨੂੰ ਯਾਦ ਸਤਾਵੇ ਓਸ ਪੰਜਾਬ ਦੀ

ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ

Tuesday, October 20, 2009

ਇਸ਼ਕ-ਖੁਮਾਰੀਆਂ

ਸਿਰ ਵੱਢੇ ਜਾਣ, ਬੰਦ ਕੱਟੇ ਜਾਣ,
ਚੱਲ ਜਾਣ ਸਿਰਾਂ ਉੱਤੇ ਆਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਗੁਰੁ ਅਰਜਨ ਤੱਤੀ ਤਵੀ ਉੱਤੇ ਬੈਠੇ,
ਰੇਤਾ ਸੀਸ ਪਾਇਆ, ਦੇਗ ਚ ਉਬਾਲੇ ਗਏ।
ਭਾਣਾ ਮਿੱਠਾ ਕਰਕੇ ਰਹੇ ਉਹ ਮੰਨਦੇ,
ਰਾਵੀ ਦੇ ਠੰਢੇ ਪਾਣੀ ਵਿੱਚ ਠਾਰੇ ਗਏ।

ਸ਼ਹੀਦਾਂ ਦੇ ਕਹਾਉਂਦੇ ਸਿਰਤਾਜ ਸਤਿਗੁਰੂ,
ਸ਼ਹੀਦੀਆਂ ਨੇ ਬਖਸ਼ੀਆਂ ਸਿੰਘਾਂ ਨੂੰ ਸਰਦਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ,
ਜੰਗ-ਜੁੱਧ ਲੜੇ ਜਿੱਤੇ ਬਾਈ।
ਗੁਰੂ ਤੇਗ ਬਹਾਦਰ ਤੇਗਾਂ ਮਾਰੀਆਂ,
ਮੀਰੀ-ਪੀਰੀ ਦੋਵਾਂ ਹੀ ਮੈਦਾਨਾਂ ਵਿੱਚ ਫਤਹਿ ਭਾਈ।

ਜਦੋਂ ਸਵਾ ਮਣ ਜਨੇਊ ਨਿੱਤ ਲਹਿੰਦੇ,
ਤਕਦੀਰਾਂ ਧਰਮ ਦੀਆਂ ਸਤਿਗੁਰੂ ਸੀਸ ਦੇਕੇ ਸਵਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਵਿਸਾਖੀ ਵਾਲੇ ਦਿਨ ਗੁਰੂ ਸੀਸ ਮੰਗਿਆ,
ਤੇਗ ਭੇਟ ਹੋ ਬਣ ਗਏ ਪੰਜ-ਪਿਆਰੇ ਜੀ।
ਅੰਮ੍ਰਿਤ ਗੁਰਾਂ ਨੇ ਛਕਾਇਆ-ਛਕਿਆ,
ਵਾਹੋ! ਵਾਹੋ! ਆਪੇ ਗੁਰੂ ਚੇਲਾ ਜੀ।

ਖਾਲਸੇ ਨੇ ਜਦੋਂ ਤੇਗਾਂ ਮਾਰੀਆਂ
ਭੱਜ ਗਈਆਂ ਫੌਜਾਂ ਦਿੱਲੀ ਤੇ ਪਹਾੜਾ ਵਾਲੀਆਂ
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਪੰਜ ਸੀਸ ਲਏ ਤੇ ਸਰਵੰਸ ਵਾਰਿਆ,
ਸਤਿਗੁਰੂ ਵਚਨ ਨਿਭਾਅ ਗਏ।
ਬਸ ਫੇਰ ਤੇ ਪੰਥ ਕਿਆਰੀ ਵਿਚ ਸਿੰਘ ਜੀ,
ਸ਼ਹੀਦਿਆਂ ਦੇ ਫੁੱਲ ਖਿੜ ਗਏ।

ਵਜੀਰ ਖਾਨ ਤੇ ਮਲੇਰਕੋਟੀਏ ਲੜ ਹਾਰੇ,
ਤੇਗਾਂ ਜਦ ਸ਼ਹੀਦ ਬਾਬਾ ਬੰਦਾ ਸਿੰਘ ਮਾਰੀਆਂ।
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

੩੦੦ ਸਾਲ ਫਿਰ ਖਾਲਸਾ
ਜੁਝਦਿਆਂ ਖੂਬ ਬੀਤ ਗਏ
ਰਾਜ ਖਾਲਸਾ ਹੋਇਆ ਵਿੱਚ ਰਿਆਸਤਾਂ
ਅਕਾਲੀ ਫੂਲਾ ਸਿੰਘ, ਨਲੂਆ, ਅਟਾਰੀ ਸਿੰਘ ਜੂਝ ਗਏ

'ਸੰਤੋਖਪੁਰੀ' ਗੋਰੇ ਭਜਾਏ, ਦੇਸ਼ ਹੀਣ ਹੋਏ, ਪਰ ਫੇਰ ਵੀ
ਜੰਗਾਂ ਵਿੱਚ ਸਿੰਘਾਂ ਦੀਆ ਸਰਦਾਰੀਆਂ
ਆਸਕਾਂ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਇਸ਼ਕ-ਖੁਮਾਰੀਆਂ।

ਖਾਲਸੇ ਨੂੰ ਰਹਿਣ ਸਦਾ ਚੜੀਆਂ,
ਨਾ ਉਤਰਨ ਨਾਮ-ਖੁਮਾਰੀਆਂ।

Monday, September 28, 2009

ਗੁਲਾਬ ਤੰਗ ਕਰਦੇ ਨੇ..

ਤੇਰੇ ਘਰ ਤੇ ਗੁਲਾਬ
ਅਕਸਰ ਮੇਰੇ ਗੇਂਦੇ ਦੇ ਫੁੱਲਾਂ ਨੂੰ ਤੰਗ ਕਰਦੇ ਨੇ..
ਜਦ ਵੀ ਇਹ ਭੋਲੂ ਜਿਹੇ ਸਿਰ ਚੁੱਕਦੇ
ਤੇਰੇ ਗੁਲਾਬਾਂ ਦੇ ਕੰਡੇ ਇਨ੍ਹਾਂ ਨੂੰ ਵੱਜਦੇ ਨੇ..

ਮੰਨਿਆ ਤੇਰੇ ਗੁਲਾਬ ਗੁਲਾਬੀ ਨੇ
ਇਹਨਾਂ ਦੇ ਰੰਗ ਫਿੱਟੇ ਨੇ..
ਤੇਰਾ ਕਾਲਾ ਗੁਲਾਬ ਬਹੁਤ ਗੁੰਦਵਾਂ
ਇਹ ਤਾਂ ਬੇਚਾਰੇ ਸਿਰ-ਖਿੰਡੇ ਨੇ..

ਤੇਰੇ ਘਰ ਜੋ ਦੇਸੀ ਚਿੱਟੇ ਗੁਲਾਬ ਦੀ ਕਲੀ
ਮੇਰੇ ਗੇਂਦੇ ਦੀ ਡੋਡੀ ਨੂੰ ਮਖੌਲ ਕਰਦੀ..
ਤੇਰੇ ਘਰ ਜੋ ਨਵੀਂ ਕਲਮ ਜਵਾਨ ਹੋਈ
ਕੱਲ ਮੇਰੇ ਲਾਲ ਗੇਂਦੇ ਦੇ ਸੀਨੇ ਖੁਭ ਗਈ..

ਤਰਸ ਖਾ ਕੁਝ ਇਨ੍ਹਾਂ ਅਨਾਥਾਂ ਤੇ
ਕੋਈ ਮਾਲੀ ਹੁੰਦਾ ਆਪੇ ਬੰਦੋਬਸਤ ਕਰਦਾ..
'ਸ਼ੰਤੋਖਪੁਰੀ' ਮਰ ਜੁ ਗਿਆ ਹੈ
ਜਿਉਂਦਾ ਹੁੰਦਾ ਤਾਂ ਸ਼ਿਕਾਇਤ ਕਿਉਂ ਕਰਦਾ..

Saturday, September 5, 2009

ਦਿਲ ਕਰਦੈ

..ਤਾਂ ਦਿਲ ਕਰਦੈ
ਜਦ ਕੋਈ ਫੋਨ ਕੰਨ ਨੂੰ ਲਾ ਕੇ ਗੱਲਾਂ ਕਰਦਾ ਹੈ
ਤਾਂ ਦਿਲ ਕਰਦੈ..
ਜਦ ਕੋਈ ਯਾਹੂ ਤੇ ਚੈਟਿੰਗ ਕਰਦਾ ਹੈ
ਤਾਂ ਦਿਲ ਕਰਦੈ..

ਸਾਡੇ ਵੀ ਦਿਨ ਹੁੰਦੇ ਸੀ
ਹੁਣ ਬੀਤ ਗਏ..
ਸਾਡੇ ਵੀ ਮੈਸੇਜ ਆਉਂਦੇ ਸੀ
ਕਿਧਰੇ ਹੀ ਉਹ ਗੀਤ ਗਏ..

ਜਦ ਲੋਕੀਂ ਰੁਸਦੇ ਨੇ
ਤਾਂ ਦਿਲ ਕਰਦੈ..
ਜਦ ਉਹ ਮਨਾਉਂਦੇ ਨੇ
ਤਾਂ ਦਿਲ ਕਰਦੈ..

ਅਸੀਂ ਵੀ ਰਾਤਾਂ ਕੱਟੀਆਂ ਨੇ
ਜੋ ਮੁੱਕ ਗਈਆਂ..
ਅਸੀਂ ਵੀ ਬਾਤਾਂ ਪਾਉਂਦੇ ਸੀ
ਜੋ ਨਾ ਸਾਡੇ ਕੋਲੋ ਬੁੱਝ ਹੋਈਆਂ.

ਜਦ ਕੋਈ ਹੱਸਦਾ ਹੁੰਦਾ ਏ
ਤਾਂ ਦਿਲ ਕਰਦੈ..
ਜਦ ਕੋਈ ਉਡੀਕਦਾ ਹੁੰਦਾ ਏ
ਤਾਂ ਦਿਲ ਕਰਦੈ..

ਅਸੀਂ ਵੀ ਰੋਂਦੇ ਹੁੰਦੇ ਸੀ
ਹੁਣ ਅੱਥਰੂ ਸਿਮਟ ਗਏ..
ਅਸੀਂ ਵੀ ਰਜਾਈਆਂ ਵਿੱਚ ਮੂੰਹ ਦਿੱਤੇ ਨੇ
ਕਿ ਸੁਪਨੇ ਟੁੱਟ ਗਏ..

ਜਦ ਕੋਈ ਬੈਠਾ ਬੈਠਾ ਮੁਸਕਾਉਂਦਾ ਏ
ਤਾਂ ਦਿਲ ਕਰਦੈ..
'ਸੰਤੋਖਪੁਰੀ' ਯਾਦਾਂ ਦਾ ਬਦਲ ਵਰਦਾ ਏ
ਤਾਂ ਦਿਲ ਕਰਦੈ..