Friday, June 12, 2009

ਇੰਤਜ਼ਾਰ

ਮੇਰੀ ਜੀਵਨ ਸਾਥਣ ਦੇ ਨਾਮ ਜੀਹਨੇ ਸਮੁੰਦਰੋਂ ਪਾਰ ਬੈਠ ਲੰਮਾ ਸਮਾਂ ਮੇਰਾ ਇੰਤਜ਼ਾਰ ਕੀਤਾ।
ਮਿਤੀ:4/17/08

ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ,
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ..
ਹਰ ਰੋਜ ਸਵੇਰੇ ਅੱਖਾ ਖੋਹਲਣ ਤੋਂ ਪਹਿਲਾਂ ਮੈਨੂੰ ਲਭਦੀ ਐ
ਦਰਦ ਵਿਛੋੜੇ ਦਾ ਹਾਲ ਮੇਰੀ ਰੂਹ ਪਈ ਦਸਦੀ ਐ..

ਉਹ ਸਮੁੰਦਰੋਂ ਪਾਰ....

ਵੈਬਕੈਮ ਤੇ ਤੱਕ ਕੇ ਮੈਨੂੰ ਅੱਖਾ ਵਿੱਚ ਹੰਝੂ ਰੋਕ ਲਵੇ,
ਝੁਠਾ ਜਿਹਾ ਹੱਸ ਕੇ ਫਿਰ ਦਰਦਾਂ ਨੂੰ ਸੋਕ ਲਵੇ..
ਕਿਤੇ ਮੇਰੀ ਨਾ ਭੁੱਬ ਨਿਕਲ ਜਾਏ
ਏਸੇ ਗੱਲੋਂ ਡਰਦੀ ਐ..

ਉਹ ਸਮੁੰਦਰੋਂ ਪਾਰ....

ਰੋਟੀ ਵੇਲਾ ਹੋਵੇ ਮੇਰਾ ਖੋਹ ਉਹਦੇ ਢਿੱਡ ਨੂੰ ਪੈਣ ਲੱਗੇ
ਰੱਜ ਕੇ ਰੋਟੀ ਖਾ ਲੈਣਾ ਫਿਰ ਪਿਆਰ ਨਾਲ ਕਹਿਣ ਲੱਗੇ..
ਕਿੰਨਾ ਖਾਧਾ ਕੀ-ਕੀ ਖਾਧਾ?
ਪੁੱਛ ਤਸੱਲੀ ਕਰਦੀ ਐ..

ਉਹ ਸਮੁੰਦਰੋਂ ਪਾਰ..

ਜਦ ਕੰਮ ਤੋਂ ਥੱਕ ਕੇ ਆਵੇ ਥਕਾਨ ਮੇਰੀ ਦਾ ਅਹਿਸਾਸ ਕਰੇ
ਵਸਦੀ ਉਹ ਤਾਂ ਬਹੁਤ ਦੂਰ ਹੈ ਰੂਹ ਉਡਾਰੀ ਫੇਰ ਭਰੇ
ਆ ਕੇ ਮੈਨੂੰ ਨੂੰ ਚਿੰਬੜ ਜਾਂਦੀ
ਤੇ ਆਖਰ ਰੋ ਹੀ ਪੈਦੀ ਐ...

ਉਹ ਸਮੁੰਦਰੋਂ ਪਾਰ....

ਰੱਬ ਕਰਕੇ ਛੇਤੀ ਹੋਵਣ ਮੇਲੇ
ਪੱਤਝੜ ਵਿੱਚ ਕੌਣ ਪੀਂਘਾਂ ਤੇ ਖੇਲੇ..
ਆਏ ਬਹਾਰ ਜਾਂ ਸਾਵਣ ਵਰ ਜਾਏ
ਖੁਸ਼ੀਆ ਦਾ ਸਾਡੇ ਤੇ ਬੱਦਲ ਵਰ ਜਾਏ..
ਇਸੇ ਅਰਦਾਸ ਨਾਲ 'ਦੁੱਲਟਾ' ਹੁਣ ਤਾਂ ਜ਼ਿੰਦਗੀ ਕਟਦੀ ਐ...
ਉਹ ਸਮੁੰਦਰੋਂ ਪਾਰ ਮੇਰੀ ਜਾਨ ਵਸਦੀ ਐ
ਉਹਦੇ ਹਰ ਦਮ ਦਾ ਹਾਲ ਮੈਨੂੰ ਦਿਲ ਦੀ ਧੜਕਣ ਦਸਦੀ ਐ

Sunday, June 7, 2009

ਮੇਰਾ ਨਾਂ

ਨਾ ਫੁੱਲ ਬਨਣਾ ਸੌਖਾ ਹੈ
ਤੇ ਨਾ ਇੰਦਰ ਬਨਣ ਵਿੱਚ ਵਡਿਆਈ ਹੈ

ਸੌਖਾ ਹੈ ਖਿੜ ਕੇ ਖੁਸਬੋ ਵੰਡਣਾ
ਮੁਰਝਾ ਕੇ ਗੁਲਕੰਦ ਬਨਣਾ ਸੌਖਾ ਨਹੀਂ
ਅਤਰ-ਫਲੇਲ ਇੰਦਰ ਨੇ ਬੜੇ ਵਰਤੇ ਹੋਣੇ ਨੇ
ਆਪਾ ਪਿਸਾ ਕੇ ਖੁਸ਼ਬੋ ਦੇਣਾ ਸੌਖਾ ਨਹੀਂ

ਪੁਸ਼ਪ ਲਿਖਿਆ ਮੇਰੇ ਨਾਮ ਅੰਦਰ
ਫਿਰ ਵੀ ਕੋਈ ਫੁੱਲ ਵਾਲਾ ਭਾਵ ਤੇ ਪੈਦਾ ਕਰਦਾ ਹੈ
ਪਰ ਇੰਦਰ ਬਣੇ ਦਾ ਕੀ ਫਾਇਦਾ
ਸਦਾ ਗੱਦੀ ਬਚਾਉਣ ਲਈ ਜੋ ਭੱਜਿਆ ਭੱਜਿਆ ਫਿਰਦਾ ਹੈ

ਜ਼ਿੰਦਗੀ ਤਾਂ ਆਖਦੇ ਨੇ
ਸੁਪਨੇ, ਹਕੀਕਤ ਅਤੇ ਸੰਘਰਸ਼ ਦੇ ਸੁਮੇਲ ਨੂੰ
ਪਰ ਇੱਥੇ ਤਾਂ ਨਾਮ ਮੇਰਾ ਖਿੰਡਿਆ ਖਿੰਡਿਆ ਫਿਰਦਾ ਹੈ

ਪਰ ਸ਼ਬਦ ਵੀ ਤਾਂ ਕੁਦਰਤ ਦੇ ਬਖਸ਼ੇ ਨੇ
ਇਨ੍ਹਾਂ ਦਾ ਕੀ ਕਸੂਰ
ਅਰਥ ਤਾਂ ਹਮੇਸ਼ਾ ਮਨੁੱਖ ਹੀ ਲਿਖਦਾ ਹੈ

ਪਹਿਲੀ ਵਾਰ ਜਦ ਨਾਮ ਪਿੱਛੇ ਕੀਤਾ ਸੀ ਗਿਲਾ ਮੈਂ
ਗੁਰੂ ਘਰ ਦੇ ਗ੍ਰੰਥੀ ਨਾਲ
ਉਸ ਨੇ ਕਿਹਾ ਫੁੱਲਾਂ ਦਿਆ ਰਾਜਿਆ
ਫੁੱਲਾਂ ਵਾਂਗ ਰਹਿ

ਪੁਸ਼ਪਿੰਦਰ ਸਿੰਘਾ
ਸਿੰਘ ਵਾਲਾ ਰੂਪ ਰੱਖ
ਆਪਾ ਵਾਰ
ਖੁਸ਼ਬੋਆਂ ਵੰਡਦਾ ਰਹਿ...

ਮੌਤ ਕਦੋਂ ਕਿੱਦਾਂ ਆਂਦੀ ਏ?

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਤੇਰੇ ਹਾਸਿਆਂ ਨੇ ਜਿਸ ਦਿਨ ਫੁੱਲ ਸੀ ਖਿੜਾਏ
ਉਹ ਦਿਨ ਯਾਦ ਕਰ ਅੱਜ ਮਹਿਕ ਜਾਏ
ਉਦੋਂ ਮਹਿਕ ਸੀ ਮਹਿਕਾਉਂਦੀ
ਪਰ ਅੱਜ ਤੜਫਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਉਹ ਬੋਲ ਵੀ ਨੇ ਯਾਦ
ਜਦ ਕੀਤੇ ਕੌਲ ਤੇ ਕਰਾਰ
ਉਠੇ ਬੈਠੇ ਤੁਰੇ ਫਿਰੇ ਕੱਠੇ ਪਰ ਅੱਜ ਤੇਰੇ ਹੱਥਾਂ ਦੀ
ਨਿੱਘ ਸਾੜ ਜਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਪਏ ਸੀ ਵਿਚੋੜੇ ਤੇ ਨਦੀਓਂ ਨੀਰ ਵਿੱਛੜੇ
ਤੁਰੀ ਤੇਰੀ ਡੋਲੀ ਅਸੀਂ ਤੱਕਦੇ ਰਹੇ ਦੂਰ ਖੜੇ
ਮਰ ਜਾਣ ਦਾ ਖਿਆਲ ਆਇਆ
ਮਾੜੀ ਕਿਸਮਤ 'ਸੰਤੋਖਪੁਰੀ' ਜ਼ਹਿਰਾਂ ਤੋਂ ਵੀ ਬਚਾਂਦੀ ਏ

ਤੈਨੂੰ ਕੀ ਪਤਾ ਏ
ਮੌਤ ਕਦੋਂ ਕਿੱਦਾਂ ਆਂਦੀ ਏ?
ਇਹ ਤਾਂ ਸਾਨੂੰ ਪੁੱਛ ਜਿਨ੍ਹਾਂ ਕੋਲ ਨਿੱਤ ਫੇਰਾ ਪਾਂਦੀ ਏ

ਗੀਤ- ਅੱਜ ਕਿਉਂ ਤੂੰ ਆਇਓਂ..?

ਬੀਤ ਗਈਆ ਉਹ ਸ਼ਾਮਾਂ
ਹੁਣ ਨਾ ਉਹ ਰਾਤਾਂ ਤੇ ਪ੍ਰਭਾਤਾਂ
ਤੇਰੇ ਜਾਣ ਨਾਲ ਹੀ ਮੁੱਕ ਗਈਆਂ ਸੀ
ਸਭ ਬਾਤਾਂ ਤੇ ਮੁਲਾਕਾਤਾਂ...

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ...

ਤੇਰੇ ਜਾਣ ਪਿੱਛੋਂ ਅਸੀਂ ਕੱਲੇ ਇੱਥੇ ਰਹਿ ਗਏ
ਗੱਲ ਦਿਲ ਵਾਲੀ ਕੰਧਾਂ ਨੂੰ ਸੁਣਾਉਣ ਜੋਗੇ ਰਹਿ ਗਏ
ਹੱਥ ਨਾ ਤੂੰ ਲਾਵੀਂ ਐਵੇਂ ਪਿਆਰ ਨਾ ਜਤਾਵੀਂ ਹੁਣ
ਬਸ ਹੁਣ ਸਾਨੂੰ ਯਾਰਾ ਰੋਣ ਜੋਗਾ ਰਹਿਣ ਦੇ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਕਦੇ ਕਦੇ ਯਾਦ ਆਉਂਦੈ ਤੇਰਾ ਪਹਿਲੀ ਵਾਰ ਹੱਸਣਾ
ਹੱਸ ਕੇ ਓਏ ਤੱਕਣਾ ਤੇ ਦਿਲ ਵਿੱਚ ਵੱਸਣਾ
ਬੁਲ੍ਹ ਆਪਣੇ ਤੂੰ ਖੋਲ ਕੇ ਕੋਈ ਗਲ ਯਾਦ ਨਾ ਕਰਾਵੀਂ ਹੁਣ
ਬਸ ਹੁਣ ਯਾਰਾ ਸਾਨੂੰ ਬਿਰਹਾ ਦੀ ਧੂਣੀ ਸੇਕ ਲੈਣ ਦੇ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਅਮਰ ਹੈ ਅਹਿਸਾਸ ਉਹ ਸੀਨੇ ਨਾਲ ਲਾਉਣਾ ਤੈਨੂੰ
ਸੀਨੇ ਨਾਲ ਲਾ ਕੇ ਫੇਰ ਦਿਲਾਂ ਦਾ ਧੜਕਣਾ
ਹਉਕਾ ਕੋਈ ਲੈ ਕੇ ਮੇਰੀ ਉਹ ਧੜਕਣ ਨਾ ਜਗਾਵੀਂ ਹੁਣ
ਬਸ ਏਸ ਸਰੀਰ ਨੂੰ ਤੂੰ ਖਾਕ ਹੋਣ ਜੋਗਾ ਰਹਿਣ ਦੇ

ਅੱਜ ਕਿਉਂ ਤੂੰ ਆਇਓਂ ਯਾਰਾ
ਕਿਉਂ ਦਰਦ ਜਗਾ ਦਿੱਤਾ
ਹੋ ਗਿਆ ਜੋ ਹੋਣਾ ਸੀ ਓਏ
ਜੋਰ ਰੱਬ ਨੇ ਦਿਖਾ ਦਿੱਤਾ

ਤੇਰਾ ਤਾਂ ਕੋਈ ਦੋਸ਼ ਨਹੀਂ ਐਵੈਂ ਕਿਉਂ ਦੇਈ ਜਾਨੈਂ ਸਫਾਈ ਓਏ ਝੱਲਿਆ
ਇਹ ਤਾਂ ਲਿਖੀਆਂ ਤਕਦੀਰਾਂ ਨੇ ਡਾਹਢਾ ਦੱਸ ਕਦੋਂ ਕਿਸੇ ਠੱਲਿਆ
ਡਾਹਢੇ ਮਿਹਰ ਵੀ ਹੈ ਕੀਤੀ ਓਏ ਦਰਦ ਵਿਚੋਂ ਪਿਆਰ ਦੀ ਕਲਾ ਲਭੀ
ਬੱਸ ਸੰਤੋਖਪੁਰੀ ਹੁਣ ਸਾਨੂੰ ਇਥੋਂ ਖੁਸ਼ੀ ਖੁਸ਼ੀ ਜਾ ਲੈਣ ਦੇ

ਅੱਜ ਤੂੰ ਆਇਓਂ ਯਾਰਾ
ਅਸੀਂ ਸਫਰ ਮੁਕਾ ਦਿੱਤਾ
ਸਾਹਾਂ ਦਾ ਹੀ ਰੋਣਾ ਸੀ ਓਏ
ਸਾਹ ਹੀ ਮੁਕਾ ਦਿੱਤਾ
ਤੇਰੇ ਪਿਆਰ ਸਾਨੂੰ ਅੱਜ
ਰੱਬ ਓਏ ਦਿਖਾ ਦਿੱਤਾ
ਸਾਹਾਂ ਦਾ ਹੀ ਰੋਣਾ ਸੀ ਓਏ
ਆਹ ਲੈ ਸਾਹ ਹੀ ਮੁਕਾ ਦਿੱਤਾ

ਸਾਹਾਂ ਦਾ ਹੀ ਰੋਣਾ ਸੀ ਓਏ....

ਨੈਣ

ਰੱਬ ਨੇ ਦੋ ਨੇਣ ਦਿੱਤੇ, ਸੁਰਮਾ ਪਾ ਕੇ ਤੂੰ ਤੇਜ਼ ਕੀਤੇ
ਨੈਣਾਂ ਨਾਲ ਗੱਲ ਕਰੇਂ ਸੋਹਣੀਏ, ਕਤਲ ਹੋ ਜਾਣ ਬਿਨਾਂ ਕੀਤੇ..

ਕੂੰਜ

ਅੱਜ ਇੱਕ ਕੂੰਜ ਦੀ ਮੌਤ ਤੇ,
ਲੱਖ ਦੁਨੀਆ ਰੋਈ,

ਇਸੇ ਦੁਨੀਆ ਦੇ ਕੀਤਿਆਂ,
ਉਹ ਹੈ ਮੋਈ।
ਆਪੇ ਮਾਰੇ ਆਪੇ ਰੋਵੇ,
ਦੁਨੀਆ ਦੀ ਸਮਝ ਨਾ ਆਈ।

ਜਿਦਾਂ ਵਾਹੇ ਤਿਵੇਂ ਕਮਾਵੇ,
ਕਿਸੇ ਨੂੰ ਰੋਕ ਟੋਕ ਨਾ ਕਾਈ।

ਕੂਕਦੀ ਕੂਕਦੀ ਕੂੰਜ ਮੋਈ,
ਕਿਸੇ ਕੂ਼ਕ ਓਸ ਦੀ ਸੁਣੀ ਨਾਹੀਂ।

ਓਹ ਮੋਈ ਤੇ ਲੋਕ ਕੂਕੇ,
ਕੂੰਜ ਮੋਈ ਦੀ ਖੇਹ ਉਡਾਉਣ ਰਾਹੀਂ......

ਲੜਾਈ

ਘਰ ਤੋਂ ਬਾਹਰ ਕੁੱਤਿਆਂ ਨੂੰ ਦੁੱਧ ਪਾਉਣਾ
ਉਨ੍ਹਾਂ ਦੀ ਆਦਤ ਹੈ..
ਉਨ੍ਹਾਂ ਵੱਲ ਤੱਕ ਕੇ ਨੱਕ ਬੁੱਲ੍ਹ ਵੱਟਣਾ
ਮੇਰੀ ਆਦਤ ਹੈ..

ਕਿਤੇ ਗਲ ਨਾ ਪੈ ਜਾਣ
ਮੈਂ ਗਵਾਂਢੀਆਂ ਨੂੰ ਟੋਕਦਾ ਨਹੀਂ..
ਐਵੇਂ ਨਾ ਵੱਢ ਖਾਣ
ਮੈਂ ਸਾਇਕਲ ਰੋਕਦਾ ਨਹੀਂ..

ਉਹ ਦੁੱਧ ਪਾਉਂਦੇ ਰਹਿੰਦੇ ਨੇ
ਉਹ ਪੀਂਦੇ ਰਹਿੰਦੇ ਨੇ..
ਮੈਂ ਘੁਰ ਘੁਰ ਕਰਦਾ ਰਹਿੰਦਾ ਹਾਂ
ਉਹ ਮੈਨੂੰ ਭੌਂਕਦੇ ਰਹਿੰਦੇ ਨੇ..

ਦਿਨੇ ਮੇਰਾ ਵੱਸ ਚਲਦੈ,
ਮੈਂ ਪੱਥਰ ਮਾਰ ਦਿਨਾਂ..
ਜੱਦ ਰਾਤੀਂ ਉਹ ਵੱਢਣ ਆਉਂਦੇ
ਮੈਂ ਭੱਜ ਲੈਨਾਂ..

ਗੁੱਸਾ ਕਾਇਮ ਹੈ,
ਵਿਰੋਧ ਜਾਰੀ ਹੈ..
ਘੂਰਨ ਤੇ ਭੌਕਣ ਦੀ
ਲੜਾਈ ਜਾਰੀ ਹੈ..

ਹੀਰ ਦੀ ਕਲੀ..

ਇਹ ਕਲੀ ਇਕ ਦਿਨ ਐਵੇਂ ਮਾਣਕ ਦੀਆ ਕਲੀਆਂ ਸੁਣਦੇ ਸੁਣਦੇ ਜੁੜ ਗਈ..

ਸੁੱਤੀ ਹੀਰ ਨੂੰ ਜਦ ਸੁਪਨਾ ਆ ਗਿਆ ਪੇਪਰਾਂ ਦਾ
ਸੁੱਤੀ ਹੀਰ ਨੂੰ ਜਦ ਸੁਪਨਾ ਆ ਗਿਆ ਪੇਪਰਾਂ ਦਾ
ਉੱਠ ਕੇ ਬਹਿ ਗਈ ਜੱਟੀ ਕਿਤਾਬਾਂ ਹੱਥ ਟਿਕਾਈਆ..
ਕਰ ਕੇ ਯਾਦ ਸਿਲੇਬਸ ਹੁਬਕੀਂ-ਹੁਬਕੀਂ ਰੋਂਦੀ ਆ ਹੋ
ਕਰ ਕੇ ਯਾਦ ਸਿਲੇਬਸ ਹੁਬਕੀਂ-ਹੁਬਕੀਂ ਰੋਂਦੀ ਆ
ਘਿਰ ਗਈ ਜੱਟੀ ਤੇ ਬੁੱਲੀਆਂ ਨੇ ਕੁਮਲਾਈਆਂ..

ਅੱਧੀਂ ਰਾਤੀਂ ਮਾਰਦੀ ਰੱਟੇ ਹੀਰ ਚੈਪਟਰਾਂ ਨੂੰ
ਅੱਧੀਂ ਰਾਤੀਂ ਮਾਰਦੀ ਰੱਟੇ ਹੀਰ ਚੈਪਟਰਾਂ ਨੂੰ
ਪੇਪਰ ਦਸ ਜਾ ਆਕੇ ਤੂੰ ਤੱਤੜੀ ਦਿਆ ਸਾਈਂਆ..
ਮੈਨਾ ਪਾਰਕਾਂ ਦੀ ਫੜ ਪਿੰਜਰੇ ਪਾ ਲਈ ਪੜਾਈਆਂ ਨੇ ਹੋ
ਮੈਨਾ ਪਾਰਕਾਂ ਦੀ ਫੜ ਪਿੰਜਰੇ ਪਾ ਲਈ ਪੜਾਈਆਂ ਨੇ
ਹੀਰ ਨੂੰ ਘਰ ਮਾਪਿਆਂ ਦੇ ਕੈਦਾਂ ਕੱਟਣੀਆਂ ਆਈਆਂ..

ਕੂੰਜ ਕੁਆਰੀ ਬਾਜ਼ ਤੋਂ ਖੋਹ ਲਈ ਪੇਪਰਾਂ ਕਲਿਹਣਿਆਂ ਨੇ
ਕੂੰਜ ਕੁਆਰੀ ਬਾਜ਼ ਤੋਂ ਖੋਹ ਲਈ ਪੇਪਰਾਂ ਕਲਿਹਣਿਆਂ ਨੇ
ਸੋਗ ਛਾਇਆ ਕਾਲਜੀਂ ਸੁਨੀਆਂ ਕੰਨਟੀਨਾਂ ਹੋਈਆਂ..
ਮਾੜੇ ਕਰਮ ਹੁੰਦੇ ਨੇ ਸਟੂਡੈਂਟ, ਗਰੀਬ ਤੇ ਆਸ਼ਕਾਂ ਦੇ ਹੋ
ਮਾੜੇ ਕਰਮ ਹੁੰਦੇ ਨੇ ਸਟੂਡੈਂਟ ਗਰੀਬ ਤੇ ਆਸ਼ਕਾਂ ਦੇ
ਤਕੜੇ ਲੈ ਜਾਣ ਦੇਖੋ ਤਿੰਨਾਂ ਦੀਆਂ ਕਮਾਈਆਂ..

ਪਾਸ ਹੋ ਗਏ ਮਿਲਾਂਗੇ ਫੇਰ 'ਦੁੱਲਟਾ' ਹੋ
ਪਾਸ ਹੋ ਗਏ ਮਿਲਾਂਗੇ ਫੇਰ ਮਿੱਤਰਾ
ਕਿਸਮਤ ਵਿੱਚ ਹੀਰ ਦੇ ਲਿੱਖੀਆਂ ਅਜੇ ਪੜਾਈਆਂ
ਕਿਸਮਤ ਵਿੱਚ ਹੀਰ ਦੇ ਲਿੱਖੀਆਂ ਅਜੇ ਪੜਾਈਆਂ...

ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?

ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਗਰਮ ਹੈ
ਦੁਨੀਆਂ ਦੀ ਸ਼ਰਮ ਹੈ
ਭਵਿੱਖ ਦੇ ਸੁਪਨੇ ਨੇ
ਨਹੀਂ ਇੱਕ ਪੱਲ ਦਾ ਅਰਾਮ

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਚਾਣਨ ਵਿੱਚ ਹੈ ਤਪਸ਼ ਕਿਉਂ?
ਦੁਨੀਆ ਵਿੱਚ ਹੈ ਕਸ਼ਮਕਸ਼ ਕਿਉਂ?
ਹਰ ਕੋਈ ਉਲਝਿਆ ਕਿਉਂ?
ਹਰ ਮੋੜ ਤੇ ਸਵਾਲ

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਦੀ ਤਪਸ਼ ਤੋਂ ਵੀ ਖਤਰਾ
ਚਾਨਣ ਤੋਂ ਵੀ ਖਤਰਾ
ਗੁਲਾਮ ਦੁਨੀਆ ਦਾ ਕਤਰਾ ਕਤਰਾ
ਲੁੱਟਦੀ ਹੈ ਮਿਹਨਤ ਕਿਉਂ ਸ਼ਰੇਆਮ?

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਸੂਰਜ ਕੋਲ ਜੇ ਤੇਜ ਹੈ
ਰਾਤ ਕੋਲ ਸਕੂਨ
ਰਾਤ ਦੇ ਹਨੇਰੇ ਵਿੱਚ ਪਲਦੇ ਨੇ ਜ਼ਨੂੰਨ
ਕਿਉਂ ਨੀ ਦਿਖਦੇ ਦਿਨ-ਦਿਹਾੜੇ ਹੁੰਦੇ ਕਤਲੇਆਮ?

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਤੈਨੂੰ ਕੀ ਹੋ ਗਿਆ?
ਕਿਉਂ ਐਨਾ ਤੂੰ ਸੜ ਰਿਹਾ?
ਜਦ ਵੀ ਸੂਰਜ ਸਾੜੇ, ਤਾਂ
ਸ਼ਰਨ ਹਨੇਰੇ ਵਿੱਚ ਲੈਂਦਾ ਹਰ ਇਨਸਾਨ

ਜਾਗਦੇ ਸੂਰਜ ਨੂੰ ਸਲਾਮ
ਲਿਖੇ ਹਰ ਕੋਈ ਸੁਨਿਹਰੇ ਭਵਿੱਖ ਦਾ ਕਲਾਮ
ਦੁਨੀਆ ਕਿਉਂ ਹੈ ਚਾਨਣ ਦੀ ਗੁਲਾਮ?
ਹਨੇਰੇ ਨੂੰ ਕਰਦੀ ਕਿਉਂ ਨਹੀਂ ਸਲਾਮ?

ਕਵਿਤਾ ਕੀ ਹੈ ਦੋਸਤਾ?

ਕਵਿਤਾ ਕੀ ਹੈ ਦੋਸਤਾ
ਕਵਿਤਾ ਦੀ ਨਾ ਪੁੱਛ
ਇਹ ਸਾੜੇ ਘਰ ਆਪਣਾ ਦੇਖ ਪਰਾਏ ਦੁੱਖ

ਇਹਨੂੰ ਕੋਈ ਕੀ ਆਖੇ
ਨਾ ਇਹ ਆਖਾ ਮੰਨਣ ਵਾਲੀ
ਰਾਹ ਤੁਰਦਿਆਂ ਸੁੱਤੇ ਪਿਆਂ ਆ ਜਾਂਦੀ
ਨਾ ਇਹ ਰੋਕੀ ਜਾਵਣ ਵਾਲੀ

ਕਿਸੇ ਨਹਾਉਣ ਜਾਂਦੇ ਦਾ ਪਾਣੀ ਠੰਡਾ ਕਰਵਾ ਦਿੰਦੀ
ਕਿਸੇ ਦੀ ਚਾਹ ਵਿੱਚ ਮੱਖੀ ਪਾ ਦਿੰਦੀ
ਹਿਸਾਬ ਦੇ ਇਮਤਿਹਾਨ ਵਿੱਚ ਛੱਪ ਜਾਂਦੀ
ਧੱਕੇ ਨਾਲ ਕਈ ਵਾਰ ਮੇਰੇ ਬਿਸਤਰੇ ਤੇ ਚੜ੍ਹ ਜਾਂਦੀ

ਬਾਹਲੀ ਢੀਠ ਹੈ, ਬਾਹਲੀ ਬੇ-ਸ਼ਰਮ ਹੈ
ਲੋਕ ਲਾਜ ਨਾ ਸਮਝੇ
ਜੀਵਨ ਸਾਥਣ ਬਾਹਵਾਂ ਦੇ ਵਿੱਚ
ਇਹ ਉੱਥੇ ਵੀ ਆ ਧਮਕੇ

ਮਸ਼ੂਕ ਦਿਸੇ ਕਿਸੇ ਪਰਾਏ ਦੀ ਡੋਲੀ
ਸ਼ਗਨਾਂ ਦੇ ਗੀਤ ਜਦ ਖੇਡਣ ਹੋਲੀ
ਇਹ ਕਮਲੀ ਇਹ ਅਨਪੜ ਜਿਹੀ
ਉੱਥੇ ਵੀ ਬੋਲੇ ਆਪਣੀ ਬੋਲੀ

ਜਦ ਕਿਸੇ ਦੇ ਬੋਲ ਗੁਆਚਣ
ਜਦ ਕਿਸੇ ਦੀਆ ਚੀਕਾਂ ਗੂੰਜਣ
ਇਹ ਹਰ ਇੱਕ ਦਾ ਦਰਦ ਵੰਡਾਉਂਦੀ
ਜਦ ਸਿਵ੍ਹੇ ਬਲਦੇ ਤੇ ਹੱਸ ਪੈਂਦੀ
ਫੇਰ ਪੁਆੜੇ ਪਉਂਦੀ

ਗੋਲੀ ਤੋਂ ਨਾ ਡਰਦੀ ਇਹ
ਡੰਡੇ ਕੁੱਟ ਨਾ ਮੰਨਦੀ..
ਮਾੜਾ ਸ਼ਾਇਰ ਸਰਕਾਰ ਮਾਰਦੀ
ਪਰ ਇਹ ਨੱਚਦੀ ਰਹਿੰਦੀ

ਢੀਠ ਵੀ ਹੈ ਬੇਸ਼ਰਮ ਵੀ ਹੈ
ਬੇਅਕਲ ਵੀ ਹੈ ਲੋਕ ਲਾਜ ਤੋਂ ਰਹਿਤ ਵੀ ਹੈ
ਫੇਰ ਵੀ ਭੋਲੀ ਜਿਹੀ ਇਹ ਨੰਨ੍ਹੀ ਮੁੰਨੀ ਖੰਡ ਦੀ ਗੋਲੀ ਵੀ ਹੈ

ਕਵਿਤਾ ਕੀ ਹੈ 'ਦੁਲੱਟਾ'
ਕਵਿਤਾ ਦੀ ਨਾ ਪੁੱਛ
ਇਹ ਸਜਾਏ ਘਰ ਆਪਣਾ ਦੇਖ ਪਰਾਏ ਸੁੱਖ

ਕਬੂਤਰ ਚੀਨਾ

ਪੀਘਾਂ ਝੁਟਦੀ, ਪੀਚੋ-ਬੱਕਰੀ ਖੇਡਦੀ, ਰੱਸੀ ਟੱਪਦੀ .. ਚੜਦੇ ਸੂਰਜ ਦੇ ਵਧਦੇ ਤੇਜ ਵਾਂਗ ਵੱਧ ਰਹੀ ਜਵਾਨੀ ਨੂੰ ਸੰਭਾਲਦੀ ਇੱਕ ਅੱਲੜ ਮੁਟਿਆਰ ਦੇ ਵਿਹੜੇ ਇੱਕ ਚੀਨਾ ਕਬੂਤਰ ਫੇਰਾ ਪਾਉਂਦਾ ਹੈ ਉਹ ਪੇਸ਼ ਕਰਨ ਦੀ ਜੁਅਰਤ ਕੀਤੀ ਹੈ.. ਆਸ ਹੈ ਸ਼ਬਦਾਂ ਦੇ ਬੰਧਨ ਤੋਂ ਆਜ਼ਾਦ ਖਿਆਲਾਂ ਨੂੰ ਸ਼ਬਦਾਂ ਰਾਹੀਂ ਪੇਸ਼ ਕਰਨ ਲਈ ਖਿਮਾਂ ਕਰੋਗੇ।

ਇੱਕ ਕਬੂਤਰ ਚੀਨਾ ਮੇਰੇ ਵਿਹੜੇ ਆਇਆ
ਮਿੱਠੀ ਬੋਲੀ ਨਾਲ ਮੈਨੂੰ ਮੋਹਿਆ, ਨੀ ਉਹ ਗੱਲਾਂ ਖੂਬ ਸੁਣਾ ਗਿਆ
ਸ਼ਾਵਾ ਜੀ! ਇੱਕ ਕਬੂਤਰ ਚੀਨਾ ਮੈਨੂੰ ਗੁਟਕੂੰ ਗੁਟਕੂੰ ਕਰਨ ਦੀ ਆਦਤ ਪਾ ਗਿਆ..
ਇੱਕ ਕਬੂਤਰ ਚੀਨਾ ਹੋ.....

ਜਦ ਉਹ ਆਇਆ ਦੁੱਧ ਚਿੱਟਾ ਵਿੱਚ ਅਸਮਾਨੀਂ ਉੱਡਦਾ
ਜੀ ਕਰਦਾ ਉਹਦੇ ਖੰਭਾਂ ਨਾਲ ਉੱਡਜਾਂ, ਨੀ ਉਹ ਨਵੀਆ ਰੀਸਾਂ ਲਾ ਗਿਆ
ਬੱਲੇ ਜੀ! ਇੱਕ ਕਬੂਤਰ ਚੀਨਾ ਮੈਨੂੰ ਉੱਡਣ ਦੀ ਆਦਤ ਪਾ ਗਿਆ
ਇੱਕ ਕਬੂਤਰ ਚੀਨਾ ਹੋ.....

ਟੌਅਰ ਮੜਕ ਨਾਲ ਉਹ ਮੇਰੇ ਵਿਹੜੇ ਵੜਿਆ
ਉਹਦੇ ਆਉਣ ਨਾਲ ਵਿਹੜਾ ਭਰਿਆ, ਨੀ ਉਹ ਰੌਣਕ ਸੋਹਣੀ ਲਾ ਗਿਆ
ਵਾਹ-ਵਾਹ ਜੀ! ਇੱਕ ਕਬੂਤਰ ਚੀਨਾ ਮੈਂਨੂੰ ਮੜਕ ਨਾਲ ਰਹਿਣਾ ਸਿਖਾ ਗਿਆ
ਇੱਕ ਕਬੂਤਰ ਚੀਨਾ ਹੋ...

ਚੁਣ ਚੁਣ ਕੇ ਸਲੀਕੇ ਨਾਲ ਉਹ ਚੋਗਾ ਚੁਣਦਾ
ਮੈਂ ਵੀ ਬਾਜਰਾ, ਚੌਲ-ਕਣੀ ਖਿਲਾਰੇ, ਨੀ ਉਹ ਪਿਆਰ ਨਾਲ ਸਾਰਾ ਖਾ ਗਿਆ
ਸੱਦਕੇ ਜੀ! ਇੱਕ ਕਬੂਤਰ ਚੀਨਾ ਮੈਨੂੰ ਚੋਗ ਚੁਗਾਉਣੀ ਸਿਖਾ ਗਿਆ
ਇੱਕ ਕਬੂਤਰ ਚੀਨਾ ਹੋ..

'ਸੰਤੋਖਪੁਰੀ' ਨੇ ਲਾਈ ਉਡਾਰੀ
ਹਾਏ ਮੈਂ ਪਿੱਟੀ ਕਿਸਮਤ ਮਾਰੀ, ਨੀ ਉਹ ਰੋਗ ਬਿਰਹੋਂ ਦਾ ਲਾ ਗਿਆ
ਹਾਏ ਜੀ! ਹਾਏ ਜੀ! ਇੱਕ ਕਬੂਤਰ ਚੀਨਾ ਮੈਨੂੰ ਇਸ਼ਕ ਦੇ ਅਸਮਾਨ ਉਡਾ ਗਿਆ
ਇੱਕ ਕਬੂਤਰ ਚੀਨਾ ਹੋ..

ਟੁੱਕ

ਭੁੱਖੇ ਨੂੰ ਪਾਈ ਬਾਤ
ਕਹਿੰਦਾ ਟੁੱਕ

ਟੁੱਕ-ਇੱਕ ਸੁੱਕੀ ਬੇਹੀ
ਰੋਟੀ ਦਾ ਟੁਕੜਾ
ਕੋਈ ਸੁੱਕੀ ਮੱਠੀ,
ਬਚੀ ਹੋਈ ਜੂਠ
ਜਾਂ ਫਿਰ ਛੱਤੀ ਪਦਾਰਥ।

ਖਾਧਾ-ਫੁੱਟਪਾਥ ਤੇ
ਕਿਤੇ ਕੂੜੇ ਦੀ ਢੇਰੀ ਜਾਂ
ਗੰਦ ਦੇ ਢੇਰ ਤੇ
ਮੈਲੇ ਹੱਥਾਂ ਤੇ ਰੱਖ
ਜਾਂ ਫਿਰ ਮਹਿੰਗੇ ਡਾਈਨਿੰਗ ਸੈਟਾਂ 'ਚ

ਕਮਾਇਆ-ਹਾੜੇ ਕੱਢ ਕੇ
ਗੰਦ ਹੂੰਝ ਕੇ
ਹੋਟਲਾਂ ਦੀ ਜੂਠ ਫਰੋਲ
ਮਿਹਨਤ ਦੀ ਭੱਠੀ
ਸੁੱਕਾ ਸਰੀਰ ਝੋਕ ਕੇ।
ਜਾਂ ਫਿਰ ਨਿਤਾਣਿਆਂ ਦਾ ਲਹੂ
ਨਿਚੋੜ ਕੇ

ਪਰ-ਹਰ ਜ਼ਿੰਦਗੀ ਦਾ ਹਿੱਸਾ
ਹੈ ਟੁੱਕ

'ਸੰਤੋਖਪੁਰੀ' ਜਦੋਂ ਵੀ ਕਿਸੇ
ਭੁੱਖੇ ਨੂੰ ਪਾਈ ਬਾਤ
ਕਹਿੰਦਾ ਟੁੱਕ

ਅਮਲੀ ਦਾ ਸਫਰ..

ਸਾਡੇ ਪਿੰਡ ਇੱਕ ਅਮਲੀ ਰਹਿੰਦਾ
ਆਪਣੀ ਰਹਿਤ ਦਾ ਪੱਕਾ
ਨਸ਼ੇ ਬਿਨਾਂ ਉਹਦਾ ਭੋਰਾ ਨੀ ਸਰਦਾ
ਤੜਕਸਾਰ ਚਾਹ ਨਾਲ ਮਾਰੇ ਭੁੱਕੀ ਦਾ ਫੱਕਾ

ਉਹ ਮਸਤ ਮਲੰਗ ਬਾਵਰਾ
ਬਹੁਤਾ ਜ਼ੁਲਮ ਨਾ ਦੇਹ ਤੇ ਕਰਦਾ
ਕਹਿੰਦਾ ਪਾਣੀ ਲਾਕੇ ਗਿੱਲੀ ਕਿਉਂ ਕਰਨੀ
ਬਸ ਪਿੰਡੇ ਨੂੰ ਧੁੱਪ ਲੁਵਾ ਛੱਡਦਾ

ਬਾਰਾਂ ਕੁ ਵਜੇ ਫੇਰ ਉਹ ਸ਼ਿਫਟ ਦੁਜੀ ਓ ਲਾਉਂਦਾ
ਜਦ ਕਿਸੇ ਯਾਰ ਦੇ ਵਿਹੜੇ ਅਫੀਮ ਘੋਲ ਕੇ ਚਾਹ ਦਾ ਗਿਲਾਸ ਸਜਾਉਂਦਾ
ਚਾਹ ਦੇ ਗਿਲਾਸ ਵਿੱਚ ਖੋਰ ਦੇ ਡਲੀ ਜਿੰਦ ਅਮਲੀ ਦੀ ਨਿਕਲ ਚਲੀ
ਫੇਰ ਲੋਰ 'ਚ ਆ ਕੇ ਗਾਉਂਦਾ

ਕਰਕੇ ਨਸ਼ਾ ਅੰਤਾਂ ਦੀ ਚਤੁਰਾਈ ਦਿਖਾਵੇ
ਉਧਰੋਂ ਸੂਰਜ ਉੱਤਰੇ ਤੇ ਉਹ ਘਰ ਨੂੰ ਫੇਰਾ ਪਾਵੇ
ਨਸ਼ਾ ਟੁੱਟਣ ਨਾਲ ਫੇਰ ਅਮਲੀ ਮੰਜੀ ਨਾਲ ਜੁੜਦਾ ਜਾਂਦਾ
ਖਾਲੀ ਘਰ ਜਨਾਨੀ ਤੋਂ ਸੱਖਣਾ ਝੋਰਾ ਵੱਢ ਵੱਢ ਖਾਂਦਾ

ਰਾਤੀਂ ਫੇਰ ਉਹ ਸਿਰ ਜੁੱਲੀ ਵਿੱਚ ਦੇਕੇ
ਬਹੁਤੇ ਨੀਰ ਵਹਾਉਂਦਾ
ਦੇਹ ਦੇ ਟੁੱਟਦੇ ਪਿੰਜਰ ਨੂੰ
ਆਪੇ ਸਹਿਲਾਕੇ ਰਾਤ ਲੰਘਾਉਂਦਾ

ਛੱਤ ਦੇ ਟੁੱਟਦੇ ਬਾਲੇ
ਮੱਝਾਂ ਦੇ ਖਾਲੀ ਕੀਲੇ ਸਤਾਉਂਦੇ
ਇੱਕ ਇੱਕ ਕਰਕੇ ਜੋ ਵਿਕ ਗਏ
ਜੱਦੀ ਜਮੀਨ ਦੇ ਪੱਚੀ ਕੀਲੇ ਯਾਦ ਫਿਰ ਆਉਂਦੇ

ਹਾਏ ਅਮਲੀਆ ਜੇ ਚੰਗੀ ਸੰਗਤ ਰੱਖਦਾ
ਕਾਹਨੂੰ ਇਹ ਦਿਨ ਆਉਂਦਾ
ਨਾਲੇ ਦੇਹ ਨਰੋਈ ਰਹਿੰਦੀ
ਨਾਲੇ ਘਰ ਵਸਾਉਂਦਾ

ਨਾ ਤਾਂ ਫੇਰ ਇਸ ਪਸ਼ੂ ਧਨ ਵਿਕਦਾ
ਤੇ ਨਾ ਜਮੀਨ ਗਵਾਉਂਦਾ
ਆ ਜਿਹੜੀ ਦਰ-ਦਰ ਦੁਰਰ ਦੁਰਰ ਹੁੰਦੀ
ਇਨਾਂ ਸਭ ਦੇ ਸਰਦਾਰੀ ਜਮਾਉਂਦਾ

ਚਲ ਅਮਲੀਆ ਦਿਨ ਚੜ੍ਹ ਆਇਆ
ਭੁੱਕੀ ਦਾ ਚਮਚਾ ਲਾਈਏ
ਖਾਕੇ ਭੋਰਾ ਕਾਲੇ ਮਾਲ ਦਾ
ਪਿੰਡ ਦਾ ਗੇੜਾ ਲਾਈਏ

ਆਜਾ ਅੱਜ ਫੇਰ ਉਸੇ ਢਾਣੀ 'ਚ ਚਲੀਏ
ਜਿਥੇ ਆਪਾਂ ਵੀ ਸੀ ਵਿੱਚ ਜਵਾਨੀ ਬਹਿੰਦੇ
ਆ! ਉਹਨਾਂ ਨੂੰ ਅੱਜ ਬਚਾਈਏ
ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ..

ਆ ਦੁਲੱਟਾ! ਉਹਨਾਂ ਨੂੰ ਅੱਜ ਬਚਾਈਏ
ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ...