Sunday, June 7, 2009

ਕਬੂਤਰ ਚੀਨਾ

ਪੀਘਾਂ ਝੁਟਦੀ, ਪੀਚੋ-ਬੱਕਰੀ ਖੇਡਦੀ, ਰੱਸੀ ਟੱਪਦੀ .. ਚੜਦੇ ਸੂਰਜ ਦੇ ਵਧਦੇ ਤੇਜ ਵਾਂਗ ਵੱਧ ਰਹੀ ਜਵਾਨੀ ਨੂੰ ਸੰਭਾਲਦੀ ਇੱਕ ਅੱਲੜ ਮੁਟਿਆਰ ਦੇ ਵਿਹੜੇ ਇੱਕ ਚੀਨਾ ਕਬੂਤਰ ਫੇਰਾ ਪਾਉਂਦਾ ਹੈ ਉਹ ਪੇਸ਼ ਕਰਨ ਦੀ ਜੁਅਰਤ ਕੀਤੀ ਹੈ.. ਆਸ ਹੈ ਸ਼ਬਦਾਂ ਦੇ ਬੰਧਨ ਤੋਂ ਆਜ਼ਾਦ ਖਿਆਲਾਂ ਨੂੰ ਸ਼ਬਦਾਂ ਰਾਹੀਂ ਪੇਸ਼ ਕਰਨ ਲਈ ਖਿਮਾਂ ਕਰੋਗੇ।

ਇੱਕ ਕਬੂਤਰ ਚੀਨਾ ਮੇਰੇ ਵਿਹੜੇ ਆਇਆ
ਮਿੱਠੀ ਬੋਲੀ ਨਾਲ ਮੈਨੂੰ ਮੋਹਿਆ, ਨੀ ਉਹ ਗੱਲਾਂ ਖੂਬ ਸੁਣਾ ਗਿਆ
ਸ਼ਾਵਾ ਜੀ! ਇੱਕ ਕਬੂਤਰ ਚੀਨਾ ਮੈਨੂੰ ਗੁਟਕੂੰ ਗੁਟਕੂੰ ਕਰਨ ਦੀ ਆਦਤ ਪਾ ਗਿਆ..
ਇੱਕ ਕਬੂਤਰ ਚੀਨਾ ਹੋ.....

ਜਦ ਉਹ ਆਇਆ ਦੁੱਧ ਚਿੱਟਾ ਵਿੱਚ ਅਸਮਾਨੀਂ ਉੱਡਦਾ
ਜੀ ਕਰਦਾ ਉਹਦੇ ਖੰਭਾਂ ਨਾਲ ਉੱਡਜਾਂ, ਨੀ ਉਹ ਨਵੀਆ ਰੀਸਾਂ ਲਾ ਗਿਆ
ਬੱਲੇ ਜੀ! ਇੱਕ ਕਬੂਤਰ ਚੀਨਾ ਮੈਨੂੰ ਉੱਡਣ ਦੀ ਆਦਤ ਪਾ ਗਿਆ
ਇੱਕ ਕਬੂਤਰ ਚੀਨਾ ਹੋ.....

ਟੌਅਰ ਮੜਕ ਨਾਲ ਉਹ ਮੇਰੇ ਵਿਹੜੇ ਵੜਿਆ
ਉਹਦੇ ਆਉਣ ਨਾਲ ਵਿਹੜਾ ਭਰਿਆ, ਨੀ ਉਹ ਰੌਣਕ ਸੋਹਣੀ ਲਾ ਗਿਆ
ਵਾਹ-ਵਾਹ ਜੀ! ਇੱਕ ਕਬੂਤਰ ਚੀਨਾ ਮੈਂਨੂੰ ਮੜਕ ਨਾਲ ਰਹਿਣਾ ਸਿਖਾ ਗਿਆ
ਇੱਕ ਕਬੂਤਰ ਚੀਨਾ ਹੋ...

ਚੁਣ ਚੁਣ ਕੇ ਸਲੀਕੇ ਨਾਲ ਉਹ ਚੋਗਾ ਚੁਣਦਾ
ਮੈਂ ਵੀ ਬਾਜਰਾ, ਚੌਲ-ਕਣੀ ਖਿਲਾਰੇ, ਨੀ ਉਹ ਪਿਆਰ ਨਾਲ ਸਾਰਾ ਖਾ ਗਿਆ
ਸੱਦਕੇ ਜੀ! ਇੱਕ ਕਬੂਤਰ ਚੀਨਾ ਮੈਨੂੰ ਚੋਗ ਚੁਗਾਉਣੀ ਸਿਖਾ ਗਿਆ
ਇੱਕ ਕਬੂਤਰ ਚੀਨਾ ਹੋ..

'ਸੰਤੋਖਪੁਰੀ' ਨੇ ਲਾਈ ਉਡਾਰੀ
ਹਾਏ ਮੈਂ ਪਿੱਟੀ ਕਿਸਮਤ ਮਾਰੀ, ਨੀ ਉਹ ਰੋਗ ਬਿਰਹੋਂ ਦਾ ਲਾ ਗਿਆ
ਹਾਏ ਜੀ! ਹਾਏ ਜੀ! ਇੱਕ ਕਬੂਤਰ ਚੀਨਾ ਮੈਨੂੰ ਇਸ਼ਕ ਦੇ ਅਸਮਾਨ ਉਡਾ ਗਿਆ
ਇੱਕ ਕਬੂਤਰ ਚੀਨਾ ਹੋ..

No comments:

Post a Comment