Sunday, June 7, 2009

ਕਵਿਤਾ ਕੀ ਹੈ ਦੋਸਤਾ?

ਕਵਿਤਾ ਕੀ ਹੈ ਦੋਸਤਾ
ਕਵਿਤਾ ਦੀ ਨਾ ਪੁੱਛ
ਇਹ ਸਾੜੇ ਘਰ ਆਪਣਾ ਦੇਖ ਪਰਾਏ ਦੁੱਖ

ਇਹਨੂੰ ਕੋਈ ਕੀ ਆਖੇ
ਨਾ ਇਹ ਆਖਾ ਮੰਨਣ ਵਾਲੀ
ਰਾਹ ਤੁਰਦਿਆਂ ਸੁੱਤੇ ਪਿਆਂ ਆ ਜਾਂਦੀ
ਨਾ ਇਹ ਰੋਕੀ ਜਾਵਣ ਵਾਲੀ

ਕਿਸੇ ਨਹਾਉਣ ਜਾਂਦੇ ਦਾ ਪਾਣੀ ਠੰਡਾ ਕਰਵਾ ਦਿੰਦੀ
ਕਿਸੇ ਦੀ ਚਾਹ ਵਿੱਚ ਮੱਖੀ ਪਾ ਦਿੰਦੀ
ਹਿਸਾਬ ਦੇ ਇਮਤਿਹਾਨ ਵਿੱਚ ਛੱਪ ਜਾਂਦੀ
ਧੱਕੇ ਨਾਲ ਕਈ ਵਾਰ ਮੇਰੇ ਬਿਸਤਰੇ ਤੇ ਚੜ੍ਹ ਜਾਂਦੀ

ਬਾਹਲੀ ਢੀਠ ਹੈ, ਬਾਹਲੀ ਬੇ-ਸ਼ਰਮ ਹੈ
ਲੋਕ ਲਾਜ ਨਾ ਸਮਝੇ
ਜੀਵਨ ਸਾਥਣ ਬਾਹਵਾਂ ਦੇ ਵਿੱਚ
ਇਹ ਉੱਥੇ ਵੀ ਆ ਧਮਕੇ

ਮਸ਼ੂਕ ਦਿਸੇ ਕਿਸੇ ਪਰਾਏ ਦੀ ਡੋਲੀ
ਸ਼ਗਨਾਂ ਦੇ ਗੀਤ ਜਦ ਖੇਡਣ ਹੋਲੀ
ਇਹ ਕਮਲੀ ਇਹ ਅਨਪੜ ਜਿਹੀ
ਉੱਥੇ ਵੀ ਬੋਲੇ ਆਪਣੀ ਬੋਲੀ

ਜਦ ਕਿਸੇ ਦੇ ਬੋਲ ਗੁਆਚਣ
ਜਦ ਕਿਸੇ ਦੀਆ ਚੀਕਾਂ ਗੂੰਜਣ
ਇਹ ਹਰ ਇੱਕ ਦਾ ਦਰਦ ਵੰਡਾਉਂਦੀ
ਜਦ ਸਿਵ੍ਹੇ ਬਲਦੇ ਤੇ ਹੱਸ ਪੈਂਦੀ
ਫੇਰ ਪੁਆੜੇ ਪਉਂਦੀ

ਗੋਲੀ ਤੋਂ ਨਾ ਡਰਦੀ ਇਹ
ਡੰਡੇ ਕੁੱਟ ਨਾ ਮੰਨਦੀ..
ਮਾੜਾ ਸ਼ਾਇਰ ਸਰਕਾਰ ਮਾਰਦੀ
ਪਰ ਇਹ ਨੱਚਦੀ ਰਹਿੰਦੀ

ਢੀਠ ਵੀ ਹੈ ਬੇਸ਼ਰਮ ਵੀ ਹੈ
ਬੇਅਕਲ ਵੀ ਹੈ ਲੋਕ ਲਾਜ ਤੋਂ ਰਹਿਤ ਵੀ ਹੈ
ਫੇਰ ਵੀ ਭੋਲੀ ਜਿਹੀ ਇਹ ਨੰਨ੍ਹੀ ਮੁੰਨੀ ਖੰਡ ਦੀ ਗੋਲੀ ਵੀ ਹੈ

ਕਵਿਤਾ ਕੀ ਹੈ 'ਦੁਲੱਟਾ'
ਕਵਿਤਾ ਦੀ ਨਾ ਪੁੱਛ
ਇਹ ਸਜਾਏ ਘਰ ਆਪਣਾ ਦੇਖ ਪਰਾਏ ਸੁੱਖ

No comments:

Post a Comment